ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 22 ਦਸੰਬਰ 2020 - ਕਿਸਾਨਾਂ ਦੁਆਰਾ ਦਿਨੋ ਦਿਨ ਮੋਦੀ ਸਰਕਾਰ ਖਿਲਾਫ ਆਪਣਾ ਅੰਦੋਲਨ ਤਿੱਖਾ ਕੀਤਾ ਜਾ ਰਿਹੈ। ਉਥੇ ਹੀ ਭਾਜਪਾ ਸਰਕਾਰ ਆਪਣੇ ਆਈ.ਟੀ ਸੈੱਲਾਂ ਨੂੰ ਪੂਰਾ ਐਕਟਿਵ ਕਰ ਅਤੇ ਜ਼ਮੀਨੀ ਪੱਧਰ 'ਤੇ ਦਿਖਾਵਾ ਰੈਲੀਆਂ ਕੱਢ ਕੇ ਲੋਕਾਂ ਦਾ ਭਰੋਸਾ ਜਿੱਤਣ 'ਚ ਜੱਦੋ ਜਹਿਦ ਕਰ ਰਹੀ ਹੈ, ਜਿਸ 'ਚ ਉਹ ਨਾਕਾਮ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਖੇਤੀ ਕਾਨੂੰਨਾਂ ਬਾਰੇ ਚੰਗਿਆਈਆਂ ਦੱਸਣ ਲਈ ਲਗਾਤਾਰ ਪੋਸਟਰ ਬਣਾ ਬਣਾ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇੱਥੇ ਹੀ ਭਾਜਪਾ ਦੇ ਆਈ.ਟੀ. ਸੈੱਲ 'ਚ ਲੱਗਿਆ ਕੋਈ ਤਨਖਾਹ 'ਤੇ ਕਰਮੀ ਵਿਚਾਰਾ ਇਸ ਗੱਲ ਦਾ ਭੁਲੇਖਾ ਖਾ ਗਿਆ ਕਿ ਉਹ ਭਾਜਪਾ ਵੱਲੋਂ ਖੇਤੀ ਕਾਨੂੰਨਾਂ ਦੇ ਗੁਣ ਦੱਸਣ ਵਾਲੇ ਪੋਸਟਰ 'ਤੇ ਕਿਸਦੀ ਫੋਟੋ ਲਾਵੇ।
ਭਾਜਪਾ, ਪੰਜਾਬ ਦੇ ਫੇਸਬੁੱਕ ਪੇਜ 'ਚੇ ਜਾਰੀ ਕੀਤੇ ਗਏ ਇਸ ਪੋਸਟਰ 'ਚ ਭਾਜਪਾ ਦੇ ਆਈ.ਟੀ.ਸੈੱਲ ਵੱਲੋਂ ਨਾਮੀ ਪੰਜਾਬੀ ਅਦਾਕਾਰ ਤੇ ਡਾਇਰੈਕਟਰ ਹਾਰਪ ਫਾਰਮਰ" ਦੀ ਤਸਵੀਰ ਉਸਨੂੰ ਬਿਨ ਪੁੱਛੇ ਹੀ ਵਰਤ ਲਈ ਗਈ, ਜਦਕਿ ਹਾਰਪ ਫਾਰਮਰ ਖੁਦ ਸਿੰਘੂ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ 'ਚ ਆਪਣਾ ਯੋਗਦਾਨ ਪਾ ਰਿਹਾ ਹੈ। ਹਾਰਪ ਫਾਰਮਰ ਦੀ ਫੋਟੋ ਨਾਲ ਲਗਾ ਕੇ ਭਾਜਪਾ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਅਸਲ ਕਿਸਾਨ ਖੁਸ਼ਹਾਲ ਹੈ ਤੇ ਫੋਟੋ ਦੇ ਨਾਲ ਹੀ ਫਸਲ ਦੀ ਸਰਕਾਰੀ ਖਰੀਦ ਬਾਰੇ ਤਰੀਫਾਂ ਲਿਖੀਆਂ ਗਈਆਂ ਨੇ।
ਜਦੋਂ ਹਾਰਪ ਫਾਰਮ ਨੂੰ ਇਸ ਬਾਰੇ ਕੁਮੈਂਟਾਂ 'ਚ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਹਾਰਪ ਫਾਰਮਰ ਦੇ ਕਿਸੇ ਦੋਸਤ ਨੇ ਉਸਨੂੰ ਭਾਜਪਾ ਦੀ ਇਸ ਪੋਸਟ ਦਾ ਸਕ੍ਰੀਨਸ਼ਾਟ ਪਾਇਆ ਤੇ ਹਾਰਪ ਫਾਰਮਰ ਦੇ ਦੱਸਣ ਮੁਤਾਬਕ ਉਸ ਤੋਂ ਫੋਟੋ ਵਰਤਣ ਬਾਰੇ ਪੁੱਛਿਆ ਤੱਕ ਨਹੀਂ ਗਿਆ। ਹਾਰਪ ਫਾਰਮਰ ਨੇ ਸਪਸ਼ਟ ਕੀਤਾ ਕਿ ਪਹਿਲਾਂ ਪੰਜਾਬ 'ਚ ਕਾਂਗਰਸ ਸਰਕਾਰ ਉਸਦੀ ਫੋਟੋ ਨੂੰ ਵਰਤਦੀ ਰਹੀ ਤੇ ਹੁਣ ਭਾਜਪਾ ਵਾਲੇ। ਉਸਨੇ ਦੱਸਿਆ ਕਿ ਉਸਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਸਦੀ ਇਹ ਤਸਵੀਰ ਪਈ ਹੈ ਤੇ ਕੋਈ ਵੀ ਇਸਨੂੰ ਵਰਤ ਰਿਹਾ ਹੈ। ਜਦਕਿ ਉਹ ਸਿਰਫ ਇਕ ਫੋਟੋਸ਼ੂਟ 'ਚ ਖਿੱਚੀ ਗਈ ਤਸਵੀਰ ਹੈ।