ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਦਸੰਬਰ 2020 - ਭਾਵੇਂ ਕਿਸਾਨੀ ਅੰਦੋਲਨ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਚਲਾਇਆ ਜਾ ਰਿਹਾ ਹੈ, ਪਰ ਫ਼ਿਰ ਵੀ ਇਸ ਅੰਦੋਲਨ ਦੀ ਮਾਰ ਹੇਠ ਕਿਸਾਨ ਵਰਗ ਹੀ ਆ ਰਿਹਾ ਹੈ। ਕਿਸਾਨਾਂ ਵੱਲੋਂ ਹੱਥੀ ਬੀਜੀਆਂ ਗਈਆਂ ਸਬਜ਼ੀਆਂ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ ਸਬਜ਼ੀਆਂ ਨੂੰ ਹੁਣ ਗਊਸ਼ਾਲਾ ਵਿੱਚ ਦਾਨ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਕਾਫੀ ਸਮੇਂ ਚੱਲਿਆ ਆ ਰਿਹਾ ਹੈ। ਜਿੱਥੇ ਪਿਛਲੇ ਦਿਨੀਂ ਸਥਾਨਕ ਟਿੱਬੀ ਸਾਹਿਬ ਗਊਸ਼ਾਲਾ ਵਿਖੇ ਸਾਦਿਕ ਦੇ ਪਿੰਡ ਝੋਟਿਆਂਵਾਲੀ ਤੇ ਅਹਿਲ ਦੇ ਕਿਸਾਨ ਗਊਆਂ ਲਈ ਗੋਭੀ ਲਿਆ ਰਹੇ ਹਨ, ਉਥੇ ਹੀ ਅੱਜ ਫ਼ਿਰ ਗੋਭੀ ਦਾ ਭਰਿਆ ਕੈਂਟਰ ਗਊਸ਼ਾਲਾ ਲਈ ਭੇਜਿਆ ਗਿਆ ਹੈ।
ਕਿਸਾਨਾ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਗੋਭੀ ਦਾ ਸਹੀ ਮੁੱਲ ਨਹੀਂ ਮਿਲ ਰਿਹਾ, ਜਿਸ ਕਰਕੇ ਉਨ੍ਹਾਂ ਇਹ ਗੋਭੀ ਗਊਸ਼ਾਲਾ ਵਿਖੇ ਦਾਨ ਕਰਨਾ ਹੀ ਬੇਹਤਰ ਸਮਝਿਆ ਹੈ। ਕਿਸਾਨਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ, ਪਰ ਗਊਆਂ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਵੀ ਮਹਿਸੂਸ ਹੋ ਰਹੀ ਹੈ। ਦੂਜੇ ਪਾਸੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅੰਮਿ੍ਰਤ ਲਾਲ ਖ਼ੁਰਾਣਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਗਊਸ਼ਾਲਾ ਵਿਖੇ ਗਊਆਂ ਦੀ ਸੇਵਾ ਲਈ ਗੋਭੀ ਦਾਨ ਕੀਤੀ ਜਾ ਰਹੀ ਹੈ, ਜੋ ਕਿ ਵਧੀਆ ਉਪਰਾਲਾ ਹੈ।