ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ 2020 - ਇਸ ਖੇਤਰ ਦੇ ਪਿੰਡ ਭਾਗਸਰ ਦੇ ਕਿਸਾਨਾਂ ਵਿੱਚ ਦਿੱਲੀ ਵਿਖੇ ਲਗਾਏ ਗਏ ਰੋਸ ਧਰਨੇ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹੁਣ ਤੱਕ ਦਰਜਨਾਂ ਕਿਸਾਨ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪੁੱਜੇ ਹਨ। ਜਿਸ ਦਿਨ ਦਿੱਲੀ ਜਾਣ ਦਾ ਫੈਸਲਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ, ਉਸੇ ਦਿਨ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੀ ਅਗਵਾਈ ਹੇਠ ਉਕਤ ਪਿੰਡ ਤੋਂ ਕਿਸਾਨਾਂ ਦੇ ਜਥੇ ਦਿੱਲੀ ਜਾ ਰਹੇ ਹਨ। ਬੀਤੀ ਸ਼ਾਮ ਕਿਸਾਨਾਂ ਦਾ 21ਵਾਂ ਜਥਾ ਪਿੰਡ ਭਾਗਸਰ ਤੋਂ ਦਿੱਲੀ ਜਾਣ ਲਈ ਰਵਾਨਾ ਹੋਇਆ। ਇਸ ਜਥੇ ਵਿੱਚ ਡਾਕਟਰ ਗੁਰਮੀਤ ਸਿੰਘ, ਕਨਵਰ ਦੀਪ ਸਿੰਘ, ਅਰਸ਼ ਬਰਾੜ, ਕੇਵਲ ਸਿੰਘ, ਨਰ ਸਿੰਘ, ਦਿਨੇਸ਼, ਬੱਬੀ, ਲਾਭ ਸਿੰਘ ਤੇ ਸੋਨੂ ਆਦਿ ਮੌਜੂਦ ਸਨ। ਇਸੇ ਦੌਰਾਨ ਯੂਨੀਅਨ ਦੇ ਇਕਾਈ ਪ੍ਰਧਾਨ ਹਰਫੂਲ ਸਿੰਘ, ਸੀਨੀਅਰ ਆਗੂ ਗੁਰਾਦਿੱਤਾ ਸਿੰਘ ਤੇ ਕਾਮਰੇਡ ਜਗਦੇਵ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀ ਇਸ ਕਿਸਾਨੀ ਸੰਘਰਸ਼ ਵਿੱਚ ਹਰ ਪੱਖੋਂ ਬਹੁਤ ਜਿਆਦਾ ਯੋਗਦਾਨ ਪਾ ਰਹੇ ਹਨ। ਪਿੰਡ ਦੇ ਨੌਜਵਾਨਾਂ ਵਿੱਚ ਵੀ ਪੂਰਾ ਜੋਸ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਨੂੰ ਚੱਲਦਿਆਂ ਲਗਭਗ ਇੱਕ ਮਹੀਨਾ ਬੀਤਣ ਵਾਲਾ ਹੈ ਤੇ ਆਪਣੇ ਹੱਕ ਲੈਣ ਲਈ ਕਿਸਾਨ ਪੂਰਾ ਟਿੱਲ ਵਾਲਾ ਜੋਰ ਲਗਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਓਨ੍ਹਾਂ ਚਿਰ ਕਿਸਾਨ ਦਿੱਲੀਓਂ ਮੁੜਨ ਵਾਲੇ ਨਹੀਂ।