ਅਸ਼ੋਕ ਵਰਮਾ
ਚੰਡੀਗੜ੍ਹ, 23 ਦਸੰਬਰ 2020: ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅੱਜ ਚੌਥੇ ਦਿਨ ਵੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਗਏ ਜੁਝਾਰੂਆਂ ਨੂੰ 15 ਜਿਲ੍ਹਿਆਂ ਦੇ 258 ਪਿੰਡਾਂ ਵਿੱਚ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਰੋਹ ਭਰਪੂਰ ਰੋਸ ਮਾਰਚ ਕੀਤੇ ਗਏ। ਥਾਂ ਥਾਂ ਸੈਂਕੜਿਆਂ ਦੀ ਤਾਦਾਦ ‘ਚ ਜੁੜੇ ਇਕੱਠਾਂ ਨੇ ਸਮੂਹਿਕ ਤੌਰ ‘ਤੇ ਖੜੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕੀਤਾ। “ਅਮਰ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ“ “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ“ ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਅੜੀਖੋਰ ਵਤੀਰਾ 45 ਤੋਂ ਵੱਧ ਜਾਨਾਂ ਲੈ ਚੁੱਕਾ ਹੈ ਜਿਹਨਾਂ ਵਿੱਚ ਢਾਈ ਦਰਜਨ ਤੋਂ ਵੱਧ ਜਿੰਦਗੀਆਂ ਤਾਂ ਦਿੱਲੀ ਮੋਰਚੇ ‘ਚ ਹੀ ਕੁਰਬਾਨ ਹੋ ਚੁੱਕੀਆਂ ਹਨ।
ਸੰਘਰਸ਼ ਅੰਦਰ ਅਜਿਹੇ ਵਿਛੋੜੇ ਸਾਡੇ ਹੌਸਲੇ ਪਸਤ ਨਹੀਂ ਕਰ ਸਕਣਗੇ,ਸਗੋਂ ਇਹ ਕੁਰਬਾਨੀਆਂ ਸੰਘਰਸ਼ੀ ਲੋਕਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰਨਗੀਆਂ ਅਤੇ ਜੁਝਾਰੂ ਇਰਾਦਿਆਂ ਨੂੰ ਸਾਣ ‘ਤੇ ਲਾਉਣਗੀਆਂ। ਸੰਘਰਸ਼ ਦੌਰਾਨ ਵੀ ਹੋ ਰਹੀਆਂ ਇੱਕਾ ਦੁੱਕਾ ਖੁਦਕੁਸ਼ੀਆਂ ਨੂੰ ਅਤੀ ਦੁਖਦਾਈ ਅਤੇ ਮੰਦਭਾਗਾ ਦੱਸਦੇ ਹੋਏ ਕਿਸਾਨਾਂ ਮਜਦੂਰਾਂ ਨੂੰ ਸਿਰੜ ਸਿਦਕ ਨਾਲ ਘੋਲ਼ ਦੇ ਮੈਦਾਨ ਵਿੱਚ ਕੁੱਦਣ ਤੇ ਡਟੇ ਰਹਿਣ ਦਾ ਸੱਦਾ ਦਿੱਤਾ ਅਤੇ ਨਾਹਰੇ ਲਾਏ “ਖੁਦਕੁਸ਼ੀਆਂ ਨਹੀਂ, ਸੰਗਰਾਮ-ਸੰਗਰਾਮ“। ਉਹਨਾਂ ਦਾਅਵਾ ਕੀਤਾ ਕਿ ਬੇਮਿਸਾਲ ਇਕਜੁੱਟ ਕਿਸਾਨ ਸੰਘਰਸ਼ ਨੂੰ ਦੇਸ਼ ਵਿਦੇਸ਼ ‘ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਛੋਟੇ ਕਾਰੋਬਾਰੀਆਂ ਅਤੇ ਕਲਾਕਾਰਾਂ ਵੱਲੋਂ ਮਿਲ ਰਹੀ ਹਰ ਤਰਾਂ ਦੀ ਜ਼ੋਰਦਾਰ ਹਮਾਇਤ ਨਾਲ ਮੋਦੀ ਹਕੂਮਤ ਦੀਆਂ ਜ਼ਾਤਪਾਤੀ ਤੇ ਫਿਰਕੂ ਪਾਟਕ ਪਾਊ ਚਾਲਾਂ ਅਤੇ ਘੋਲ ਬਾਰੇ ਝੂਠਾ ਪ੍ਰਚਾਰ ਕਰਨ ਦੀਆਂ ਸਭ ਸਿਆਸੀ ਚਾਲਾਂ ਲਗਾਤਾਰ ਕੁੱਟੀਆਂ ਜਾ ਰਹੀਆਂ ਹਨ।
ਵੱਖ ਵੱਖ ਥਾਂਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਮੈਂਬਰਾਂ ਜਗਤਾਰ ਸਿੰਘ ਕਾਲਾਝਾੜ, ਸਰੋਜ ਦਿਆਲਪੁਰਾ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ, ਸੁਖਜੀਤ ਸਿੰਘ ਕੋਠਾਗੁਰੂ,ਸੁਨੀਲ ਕੁਮਾਰ ਭੋਡੀਪੁਰ ਤੋਂ ਇਲਾਵਾ ਕੁਲਦੀਪ ਕੌਰ ਕੁੱਸਾ, ਰਾਮ ਸਿੰਘ ਭੈਣੀਬਾਘਾ, ਬਲਵੰਤ ਸਿੰਘ ਘੁਡਾਣੀ, ਗੁਰਮੀਤ ਸਿੰਘ ਕਿਸ਼ਨਪੁਰਾ, ਹਰਜਿੰਦਰ ਸਿੰਘ ਵਲੂਰ, ਜਸਵੀਰ ਸਿੰਘ ਗੰਡੀਵਿੰਡ, ਮੋਹਨ ਸਿੰਘ ਨਕੋਦਰ ਅਤੇ ਜਸਪਾਲ ਸਿੰਘ ਧੰਗਈ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ‘ਚ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖਲੇ ਨੂੰ ਰੋਕਣ ਦੀ ਪਹੁੰਚ ਹੈ। ਇਹਨਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ।
ਆਗੂਆਂ ਨੇ ਆਖਿਆ ਕਿ ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨੇ ਹੀ ਬਣਦੇ ਹਨ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਤੱਕ ਸੰਘਰਸ਼ ਆਏ ਦਿਨ ਬੁਲੰਦੀਆਂ ਵੱਲ ਵਧਦਾ ਹੀ ਰਹੇਗਾ। ਉਹਨਾਂ ਨੇ ਐਲਾਨ ਕੀਤਾ ਕਿ ਕੱਲ 24 ਦਸੰਬਰ ਨੂੰ 15 ਜਿਲ੍ਹਿਆਂ ਦੇ ਕਈ ਦਰਜਨ ਬਲਾਕਾਂ ਵਿੱਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਅਤੇ ਰੋਸ ਮਾਰਚ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੌਰਾਨ ਜਥੇਬੰਦੀ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਸੱਦਿਆਂ ਮੁਤਾਬਕ 26 ਦਸੰਬਰ ਨੂੰ ਖਨੌਰੀ ਤੋਂ ਅਤੇ 27 ਨੂੰ ਡੱਬਵਾਲੀ ਤੋਂ ਭਾਰੀ ਗਿਣਤੀ ਔਰਤਾਂ,ਨੌਜਵਾਨਾਂ ਸਮੇਤ ਘੱਟੋ ਘੱਟ 15-15 ਹਜਾਰ ਕਿਸਾਨਾਂ ਮਜਦੂਰਾਂ ਦੇ ਕਾਫਲੇ ਦਿੱਲੀ ਵੱਲੀਂ ਕੂਚ ਕਰਨਗੇ ਅਤੇ ਰਸਤੇ ਵਿੱਚ ਪੜਾਅ ਦੌਰਾਨ ਹਰਿਆਣੇ ਦੇ ਲੋਕਾਂ ਨਾਲ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ।