← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 24 ਦਸੰਬਰ 2020 - ਖੇਤੀ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਚੱਲ ਰਹੇ ਮੋਰਚੇ ਦੌਰਾਨ ਸਹੀਦ ਹੋਏ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨੂੰ ਪਿੰਡ ਪਿੰਡ ਸ਼ਰਧਾਂਜਲੀ ਦੇਣ ਦੀ ਮੁਹਿੰਮ ਦੇ ਅੱਜ ਸਿਖਰਲੇ ਦਿਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਮੌੜ ਦੇ ਸਮੂਹ ਪਿੰਡਾਂ ਵੱਲੋਂ ਸਾਂਝੇ ਤੌਰ ਤੇ ਪਿੰਡ ਮਾਈਸਰਖਾਨਾ ਵਿਖੇ ਵਿੱਚ ਦੋ ਮਿੰਟ ਦਾ ਮੋਨ ਧਾਰਨ ਤੋਂ ਬਾਅਦ ਸਹੀਦੋ ਥੋਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਦੇ ਨਾਹਰਿਆਂ ਨਾਲ ਸਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ ਨੇ ਕਿਸਾਨ ਮੋਰਚੇ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ 27 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਡੱਬਵਾਲੀ ਬਾਰਡਰ ਰਾਹੀਂ ਟਰੈਕਟਰ ਟਰਾਲੀਆਂ ਰਾਹੀ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਵੱਲੋਂ ਲੋਕਾਂ ਨੂੰ ਮਨ ਦੀ ਬਾਤ ਦੱਸਣ ਮੌਕੇ ਮੋਦੀ ਦੀ ਬਾਤ ਸੁਣਨ ਦੀ ਬਜਾਏ ਕਿਸਾਨ ਨਾਅਰਿਆਂ ਜਾਂ ਕਿਸਾਨੀ ਗੀਤਾਂ ਰਾਹੀਂ ਆਪਣੀ ਆਵਾਜ ਲੋਕਾਂ ਨੂੰ ਸੁਣਾਉਣਗੇ। ਅੱਜ ਦੇ ਇਕੱਠਾਂ ਨੂੰ ਸੁਖਬੀਰ ਸਿੰਘ, ਮਨਜੋਤ ਸਿੰਘ ਅਤੇ ਨੌਜਵਾਨ ਭਾਰਤ ਸਰਬਜੀਤ ਮੌੜ ਨੇ ਵੀ ਸੰਬੋਧਨ ਕੀਤਾ। ਸਹੀਦ ਭਗਤ ਸਿੰਘ ਕਲਾ ਮੰਚ ਵੱਲੋਂ ਤੀਰਥ ਸਿੰਘ ਚੜਿੱਕ ਦੀ ਅਗਵਾਈ ਵਿੱਚ ਨਾਟਕ ‘ ਮੈਂ ਦੁੱਲਾ ਬੋਲਦਾਂ ‘ ਖੇਡ੍ਹਿਆ ਗਿਆ।
Total Responses : 265