ਅੰਮ੍ਰਿਤਸਰ, 25 ਦਸੰਬਰ - ਸ਼ਹੀਦਾਂ ਦੀ ਕੁਰਬਾਨੀਆਂ ਪ੍ਰੇਰਣਾ ਦਾ ਸੋਮਾ ਅਤੇ ਕੌਮਾਂ ਦੇ ਭਵਿੱਖ ਦੀ ਸਿਰਜਣਾ ਦਾ ਮਾਰਗ ਦਰਸ਼ਕ ਹੁੰਦੀਆਂ ਹਨ। ਸ਼ਹੀਦਾਂ ਦੇ ਵਾਰਿਸ ਹਕੂਮੱਤ ਖ਼ਿਲਾਫ਼ ਬੇਇਨਸਾਫੀ ਦੀ ਜੰਗ ਨੂੰ ਅਧਵਾਟੇ ਵਿੱਚ ਨਹੀਂ ਛੱਡਦੇ। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦਿੱਤੇ।
ਕਮੇਟੀ ਆਗੂਆਂ ਨੇ ਕਿਹਾ ਖੇਤਬਾੜੀ ਵਿਰੁੱਧ ਪਾਸ ਕੀਤੇ ਤਿੰਨ ਕਾਨੂੰਨ ਨਰਿੰਦਰ ਮੋਦੀ ਵੱਲੋਂ ਆਰਥਿਕ ਅੱਤਵਾਦ ਦੇ ਹਮਲੇ ਦਾ ਸ਼ਿਖਰ ਹੈ। ਜਿਸਨੂੰ ਰੱਦ ਕਰਾਉਣ ਲਈ ਹੁਣ ਤੱਕ ਦੋ ਦਰਜਨ ਤੋਂ ਵੱਧ ਕਿਸਾਨ ਆਪਣੀ ਜਾਨਾਂ ਵਾਰ ਚੁੱਕੇ ਹਨ ਜਿਸਦੀ ਜ਼ੁੰਮੇਵਾਰ ਮੋਦੀ ਸਰਕਾਰ ਹੈ। ਅੱਜ ਦੇ ਕਿਸਾਨਾਂ ਤੇ ਸਮੁੱਚੀ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਔਰੰਗਜੇਬ ਦੇ ਜੁਲਮੀ ਤੇ ਅਤਿਆਚਾਰੀ ਹਮਲਿਆਂ ਦਾ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਨੇ ਹਕੂਮਤ ਵੱਲੋਂ ਪੇਸ਼ ਕੀਤੇ ਗਏ ਲਾਲਚ, ਦੌਲਤਾਂ ਅਤੇ ਰਾਜ ਭਾਗ ਨੂੰ ਠੁਕਰਾ ਦਿੱਤਾ ਸੀ।
ਹਕੁਮਤ ਦੇ ਡਰਾਵੇ ਤੋਂ ਬੇਪ੍ਰਵਾਹ ਰਹੇ। ਅੱਜ ਸਾਨੂੰ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀ ਦੀਵਾਰ ਮੋਦੀ ਸਰਕਾਰ ਵਿਰੁੱਧ ਵਿੱਡੀ ਹੱਕ-ਸੱਚ ਦੀ ਜੰਗ ਵਿੱਚ ਫਤਹਿਯਾਬੀ ਹਾਸਲ ਕਰਨ ਲਈ ਪ੍ਰੇਰਣਾ ਦੇ ਰਹੀ ਹੈ। ਮਾਤਾ ਗੁਜਰੀ ਜੀ ਤੇ ਗੁਰੂ ਕੇ ਲਾਲਾਂ ਨੇ ਠੰਡੇ ਬੁਰਜ ਵਿੱਚ ਪੋਹ ਦੇ ਮਹੀਨੇ ਵਿੱਚ ਜੋ ਅਡੋਲਤਾ, ਸਿਦਕ ਤੇ ਸਿਰੜ ਦਾ ਪਾਠ ਸਿੱਖ ਕੌਮ ਨੂੰ ਪੜਾਇਆ ਹੈ ਉਹ ਅੱਜ ਦੇ ਸੰਘਰਸ਼ ਦੀ ਜਿੱਤ ਲਈ ਮੂਲ ਆਧਾਰ ਹੈ। ਸਰਕਾਰ ਸੋਚਦੀ ਹੈ ਕਿ ਮੌਸਮ ਦੀ ਮਾਰ ਨਾਲ ਬਜ਼ੁਰਗ ਮਾਤਾਵਾਂ, ਬੱਚੇ , ਜਵਾਨ ਆਦਿ ਡਰਕੇ ਵਾਪਸ ਪਰਤ ਜਾਣਗੇ ਪਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਸੰਘਰਸ਼ ਕਰ ਰਹੇ ਕਿਸਾਨ ਭਾਵੇਂ ਸ਼ਰੀਰ ਕਰਕੇ ਦਿੱਲੀ ਬਾਡਰ ਤੇ ਹਨ ਪਰ ਉਹ ਆਪਣੀ ਸੁਰਤ ਨੂੰ ਠੰਡੇ ਬੁਰਜ, ਸਰਹੰਦ ਦੀਵਾਰ ਤੇ ਚਮਕੌਰ ਦੀ ਗੜ੍ਹੀ ਨਾਲ ਜੋੜ ਕੇ ਸ਼ਕਤੀ ਲੈ ਰਹੇ ਹਨ।
ਦੇਸ਼ ਦੇ ਸਮੁੱਚੇ ਕਿਸਾਨ ਭਾਈਚਾਰੇ ਨੂੰ ਭਰੋਸਾ ਦੇੰਦੇ ਹੋਏ ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਭਾਈ ਸਤਨਾਮ ਸਿੰਘ ਝੰਬੀਆਂ, ਭਾਈ ਤਰਲੋਕ ਸਿੰਘ, (ਪੰਜਾਂ ਸਿੰਘਾ ਚੋ), ਐਡਵੋਕੇਟ ਦਿਲਸ਼ੇਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ ਆਦਿ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਜਿੱਤ ਨਿਸ਼ਚਿਤ ਹੋਵੇਗੀ। ਉਨ੍ਹਾਂ ਸਮੁੱਚੇ ਪੰਜਾਬ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਿਸਾਨ ਸੰਘਰਸ਼ ਵਿੱਚ ਘੱਟੋ-ਘੱਟ ਇੱਕ ਵਾਰ ਹਾਜ਼ਰੀ ਜ਼ਰੂਰ ਲਗਵਾਉਣ ਤੇ ਆਪਣੇ ਆਕੀਦੇ ਮੁਤਾਬਕ ਸਫਲਤਾ ਲਈ ਅਰਦਾਸ ਕਰਣ।