ਅਸ਼ੋਕ ਵਰਮਾ
ਬਠਿੰਡਾ, 25 ਦਸੰਬਰ 2020 - ਕੰਗਣਾ ਰਣਾਉਤ ਦੀਆਂ ਬੇਤੁਕੀਆਂ ਟਿੱਪਣੀਆਂ ਉਪਰੰਤ ਚਰਚਾ ’ਚ ਆਈ ਅਤੇ ਸਿੱਖ ਸੰਘਰਸ਼ ਨਾਲ ਜੁੜੀ ਪਿੰਡ ਬਠਿੰਡਾ ਜਿਲ੍ਹੇ ਦੇ ਪਿੰਡ ਜੰਡੀਆਂ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਓਕਲੈਂਡ ਅਤੇ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਨੇ ਸ਼ੁੱਧ ਸੋਨੇ ਦੇ ਮੈਡਲ ਸੌਂਪ ਕੇ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਹ ਪੁਰਸ਼ਕਾਰ ਦੇਣ ਲਈ ਕੌਮਾਂਤਰੀ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ, ਜਗਦੀਪ ਸਿੰਘ ਬੋਲੀਨਾ, ਦੀਪਾ ਸਰਪੰਚ ਬਾਜਵਾ ਕਲਾਂ, ਹਰਵੀਰ ਸਿੰਘ, ਵਰਿੰਦਰ ਸਿੰਘ ਮਾਨਕੇਧਾਰੀ, ਪਰਮਿੰਦਰ ਸਿੰਘ ਮਨਕਢੇਰੀ, ਐਕਸੀਅਨ ਹਰਵੇਲ ਸਿੰਘ ਧਾਲੀਵਾਲ, ਦਲਵੀਰ ਸਿੰਘ ਜੌਹਲ ਅਤੇ ਗਗਨਦੀਪ ਸਿੰਘ ਖਿੱਲਰੀਆਂ ਵਿਸ਼ੇਸ਼ ਤੌਰ ‘ਤੇ ਪਿੰਡ ਜੰਡੀਆਂ ਪੁੱਜੇ।
ਖੁਸ਼ੀ ਦੁੱਗਾਂ ਨੇ ਕਿਹਾ ਕਿ ਮਾਤਾ ਮਹਿੰਦਰ ਕੌਰ ਨੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੀਆਂ ਔਰਤਾਂ ਲਈ ਮਿਸਾਲ ਬਣੀ ਮਾਤਾ ਮਹਿੰਦਰ ਕੌਰ ਨੂੰ ਇਸੇ ਕਾਰਨ ਆਕਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਾਤਾ ਦਾ ਸਨਮਾਨ ਕਰਨ ਦਾ ਫੈਸਲਾ ਲਿਆ ਸੀ। ਇਸ ਤਹਿਤ ਇਹ ਸੋਨ ਤਗਮਾ ਅਤੇ ਮਦਰ ਇੰਡੀਆ ਅਵਾਰਡ ਭੇਜਿਆ ਹੈ ਜਿਸ ਨੂੰ ਸੌਂਪ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਮਾਤਾ ਮਹਿੰਦਰ ਕੌਰ ਨੇ ਦੋਵਾਂ ਸੰਸਥਾਵਾਂ ਦਾ ਧੰਨਵਾਦ ਕੀਤਾ।
ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਕੰਗਣਾ ਰਣਾਉਤ ਨੂੰ ਇਸ ਤਰਾਂ ਨਹੀਂ ਬੋਲਣਾ ਚਾਹੀਦਾ ਸੀ ਕਿ ਉਹ ਸੌ ਸੌ ਰੁਪਿਆ ਲੈਕੇ ਪ੍ਰਦਰਸ਼ਨ ਕਰਨ ਆਏ ਹਨ। ਉਹਨਾਂ ਇਸ ਮਾਮਲੇ ’ਚ ਕੰਗਣਾ ਰਣਾਉਤ ਨੂੰ ਖਰੀਆਂ ਖਰੀਆਂ ਸੁਨਾਉਣ ਅਤੇ ਉਸ ਦਾ ਪੱਖ ਲੈਣ ਤੇ ਗਾਇਕ ਦਿਲਜੀਤ ਦੋਸਾਂਝ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਇੱਕ ਸ਼ੀਹਣੀ ਮਾਂ ਦਾ ਪੁੱਤ ਅਤੇ ਨੇਕ ਪ੍ਰੀਵਾਰ ਦਾ ਚਿਰਾਗ ਹੈ।