ਅਸ਼ੋਕ ਵਰਮਾ
- ਆਪਣਾ ਵਿਰੋਧ ਦਰਜ ਕਰਾਉਣ ’ਚ ਸਫਲ ਰਹੇ ਕਿਸਾਨ
ਬਠਿੰਡਾ, 26 ਦਸੰਬਰ 2020 - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪੁਲਿਸ ਦੇ ਸਖਤ ਪਹਿਰੇ ਹੇਠ ਵਰਕਰਾਂ ਨੂੰ ਹਰ ਤਰਾਂ ਦੇ ਹਾਲਾਤ ਨਾਲ ਡਟਣ ਲਈ ਥਾਪੀ ਦਿੱਤੀ। ਸੂਬਾ ਪ੍ਰਧਾਨ ਸ਼ੁੱਕਰਵਾਰ ਨੂੰ ਅਟਲ ਬਿਹਾਰੀ ਵਾਜਪਾਈ ਦੇ ਜੈਅੰਤੀ ਸਮਾਗਮਾਂ ’ਚ ਜਨਤਕ ਜੱਥੇਬੰਦੀਆਂ ਵੱਲੋਂ ਪਾਏ ਖਿਲਾਰੇ ਦੌਰਾਨ ਜਖਮੀ ਹੋਏ ਆਗੂਆਂ ਅਤੇ ਪ੍ਰੋਗਰਾਮ ’ਚ ਸ਼ਾਮਲ ਆਗੂਆਂ ਦਾ ਮਨੋਬਲ ਵਧਾਉਣ ਲਈ ਬਠਿੰਡਾ ਪੁੱਜੇ ਸਨ। ਭਾਵੇਂ ਅੱਜ ਪਾਰਟੀ ਆਗੂਆਂ ਨੇ ਸਮਾਗਮ ਲਈ ਭੱਜ ਦੌੜ ਕੀਤੀ ਪਰ ਪਹਿਲਾਂ ਵਾਲਾ ਜਲੌਅ ਪੂਰੀ ਤਰਾਂ ਗਾਇਬ ਸੀ। ਮੰਚ ਤੋਂ ਨਾਅਰੇ ਲਵਾ ਰਹੇ ਵਿਅਕਤੀ ਨੂੰ ਕਈ ਵਾਰ ਪਾਰਟੀ ਵਰਕਰਾਂ ਨੂੰ ਉੱਚੀ ਅਵਾਜ਼ ’ਚ ਬੋਲਣ ਲਈ ਕਹਿਣਾ ਪਿਆ। ਅਸ਼ਵਨੀ ਸ਼ਰਮਾ ਨੇ ਇੱਕ ਹੋਟਲ ’ਚ ਭਾਜਪਾ ਦੇ ਸਥਾਨਕ ਸੀਨੀਅਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਉਹਨਾਂ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਕਿਸਾਨੀ ਸੰਘਰਸ਼ ਕਾਰਨ ਭਾਜਪਾ ਨੂੰ ਆ ਰਹੀਆਂ ਮੁਸ਼ਕਿਲਾਂ ਆਉਣ ਦੇ ਬਾਵਜ਼ੂਦ ਵਰਕਰਾਂ ਨੂੰ ‘ਤਕੜੇ’ ਹੋਣ ਲਈ ਕਿਹਾ। ਵੱਡੀ ਗੱਲ ਹੈ ਕਿ ਸ਼ੁੱਕਰਵਾਰ ਦੇ ਪ੍ਰਛਾਵੇਂ ਕਾਰਨ ਅੱਜ ਪੁਲਿਸ ਨੇ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਹੋਏ ਸਨ। ਹੋਟਲ ਮੈਲੋਡੀ ਵੱਲ ਜਾਣ ਵਾਲੇ ਰਸਤਿਆਂ ਦੀ ਬੈਰੀਕੇਡਿੰਗ ਕਰਕੇ ਪੁਲਿਸ ਦਾ ਕਰੜਾ ਪਹਿਰਾ ਲਾਇਆ ਹੋਇਆ ਸੀ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਮੌਕੇ ਤੇ ਹਾਜਰ ਰਹਿਕੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਸਬੰਧੀ ਹਦਾਇਤਾਂ ਦਿੱਤੀਆਂ। ਅੱਜ ਜਲੰਧਰ ਦੇ ਕਰੀਬ ਛੇ ਦਰਜਨ ਪੁਲਿਸ ਜਵਾਨਾਂ ਤੋਂ ਇਲਾਵਾ ਲੇਡੀ ਪੁਲਿਸ, ਥਾਣਿਆਂ ਦੀ ਨਫਰੀ। ਤਿੰਨ ਚਾਰ ਡੀਐਸਪੀ, ਰੈਪਿਡ ਐਕਸ਼ਨ ਫੋਰਸ ਦੇ ਬੰਦੂਕਧਾਰੀ ਜਵਾਨਾਂ , ਜਲ ਤੋਪ ,ੰਦਗਾ ਰੋਕੂ ਵਾਹਨ ਅਤੇ ਅੱਥਰੂ ਗੈਸ ਦਾ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਖੁਫੀਆ ਵਿਭਾਗ ਦੇ ਅਧਿਕਾਰੀ ਅਤੇ ਸਾਦੇ ਕੱਪੜਿਆਂ ’ਚ ਪੁਲਿਸ ਦੇ ਜਵਾਨ ਸਥਿਤੀ ਤੇ ਨਜ਼ਰ ਰੱਖ ਰਹੇ ਸਨ।
ਪੁਲਿਸ ਨੇ ਹੋਟਲ ਵਾਲੀ ਥਾਂ ਨੂੰ ਤਾਂ ਕਿਲੇ ’ਚ ਤਬਦੀਲ ਕੀਤਾ ਹੋਇਆ ਸੀ। ਸ਼ੁੱਕਰਵਾਰ ਨੂੰ ਪੁਲਿਸ ਦੀ ਹਾਜਰੀ ’ਚ ਕੀਤੀ ਭੰਨ ਤੋੜ ਉਪਰੰਤ ਪੁਲਿਸ ਪ੍ਰਸ਼ਾਸ਼ਨ ਦੀ ਹੋਈ ਕਿਰਕਿਰੀ ਕਾਰਨ ਅੱਜ ਅਧਿਕਾਰੀ ਵਧੇਰੇ ਮੁਸਤੈਦ ਦਿਖਾਈ ਦਿੱਤੇ। ਮਹੱਤਵਪੂਰਨ ਤੱਥ ਹੈ ਕਿ ਖੁਦ ਅਸ਼ਵਨੀ ਸ਼ਰਮਾਂ ਨੂੰ ਵੀ ਕਿਸਾਨ ਧਿਰਾਂ ਦੇ ਡਰ ਕਾਰਨ ਬਦਲਵੇਂ ਰਸਤਿਆਂ ਰਾਹੀਂ ਹੋਟਲ ਲਿਆਂਦਾ ਗਿਆ। ਪੁਲਿਸ ਦੀ ਕਿਲਾਬੰਦੀ ਦੇ ਬਾਵਜੂਦ ਰੋਜ਼ ਗਾਰਡਨ ਕੋਲ ਇਕੱਤਰ ਹੋਏ ਸੈਂਕੜਿਆਂ ਦੀ ਗਿਣਤੀ ’ਚ ਔਰਤਾਂ ਤੇ ਪੁਰਸ਼ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਭਾਜਪਾ ਪ੍ਰਧਾਨ ਦੇ ਸਮਾਗਮ ਵਾਲੇ ਹੋਟਲ ਵੱਲ ਚਾਲੇ ਪਾ ਦਿੱਤੇ। ਖੇਤੀ ਕਾਨੂੰਨਾਂ,ਮੋਦੀ ਸਰਕਾਰ ਅਤੇ ਭਾਰਤੀ ਜੰਤਾ ਪਰਟੀ ਖਿਲਾਫ ਜੋਸ਼ੀਲੇ ਨਾਅਰਿਆਂ ਦੀ ਗੂੰਜ ’ਚ ਜਿਓਂ ਹੀ ਕਿਸਾਨ ਕਾਫਲਾ ਹੋਟਲ ਵੱਲ ਵਧਿਆ ਤਾਂ ਬੈਰੀਕੇਡ ਲਾਗੇ ਡੀਐਸਪੀ ਜਸਪਾਲ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਫੋਰਸ ਨੇ ਉਹਨਾਂ ਨੂੰ ਰੋਕਕੇ ਅੱਗੇ ਨਾਂ ਵਧਣ ਲਈ ਮਨਾਉਣਾ ਸ਼ੁਰੂ ਕੀਤਾ ਜਿਸ ’ਚ ਪੁਲਿਸ ਸਫਲ ਵੀ ਰਹੀ । ਰੋਹ ’ਚ ਭਰੇ ਪੀਤੇ ਕਿਸਾਨ ਜੱਥਿਆਂ ਨੇ ਬੈਰੀਕੇਡ ਲਾਗੇ ਧਰਨਾ ਲਾ ਦਿੱਤਾ। ਕਿਸਾਨ ਆਗੂ ਦੀਨਾ ਸਿੰਘ ਸਿਵੀਆਂ ਨੇ ਕਿਹਾ ਕਿ ਉਹ ਸ਼ਾਂਤਮਈ ਵਿਰੋਧ ਕਰਨ ਆਏ ਹਨ ਕਿਉਂਕਿ ਬੀਜੇਪੀ ਦੀ ਅਗਵਾਈ ਵਾਲੀ ਮੋਦੀ ਨੇ ਕਾਲੇ ਖੇਤੀ ਕਾਨੂੰਨ ਲਿਆਂਦੇ ਹਨ। ਹਾਲਾਂਕਿ ਪੁਲਿਸ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ’ਚ ਸਫਲ ਰਹੀ ਪਰ ਕਿਸਾਨ ਆਗੂ ਆਪਣੀ ਗੱਲ ਕਹਿਣ ’ਚ ਸਫਲ ਰਹੇ ਹਨ।
ਕੰਧ ਤੇ ਲਖਿਆ ਪੜੇ ਮੋਦੀ ਸਰਕਾਰ
ਕਿਸਾਨ ਆਗੂ ਦੀਨਾ ਸਿੰਘ ਸਿਵੀਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਦੁਕਾਨਦਾਰ,ਵਪਾਰੀ ਤੇ ਹੋਰ ਕਿੱਤਿਆਂ ਤੋਂ ਇਲਾਵਾ ਮਜਦੂਰ ਤੇ ਕਿਸਾਨੀ ਇਕੱਠੀ ਹੋ ਤੁਰੀ ਹੈ ਜਿਸ ਕਰਕੇ ਹੁਣ ਮੋਦੀ ਸਰਕਾਰ ਅਤੇ ਅਸ਼ਵਨੀ ਸ਼ਰਮਾਂ ਨੂੰ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਭਾਵੇਂ ਭਾਜਪਾ ਸੌ ਪਹਿਰੇ ਲਵਾ ਲਵੇ ਉਹ ਪਿੰਡਾਂ ’ਚ ਬੀਜੇਪੀ ਲੀਡਰਾਂ ਨੂੰ ਵੜਨ ਨਹੀਂ ਦੇਣਗੇ ਅਤੇ ਵਿਰੋਧ ਜਾਰੀ ਰੱਖਿਆ ਜਾਏਗਾ। ਕਿਸਾਨ ਆਗੂ ਮਾਲਣ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਸੰਘਰਸ਼ ‘ਚ ਡਟੀਆਂ ਹੋਈਆਂ ਹਨ ਅਤੇ ਮੋਦੀ ਸਰਕਾਰ ਨੂੰ ਝੁਕਾ ਕੇ ਹੀ ਦਮ ਲਿਆ ਜਾਏਗਾ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਨੂੰ ਚਾਨਣ ਪਸੰਦ ਨਹੀਂ ਹੈ ਤਾਹੀਓਂ ਉਹਨਾਂ ਨੇ ਹਰ ਨੀਤੀ ਦੀਵੇ ਬੁਝਾਉਣ ਵਾਲੀ ਬਣਾਈ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੀਆਂ ਚਾਲਾਂ ਲੋਕ ਰੋਹ ਨੂੰ ਹੋਰ ਪ੍ਰਚੰਡ ਕਰ ਰਹੀਆਂ ਹਨ ਪਰ ਹੁਣ ਕਿਸਾਨੀ ਨਿੱਤਰ ਪਈ ਹੈ ਜਿਸ ਕਰਕੇ ਹਕੂਮਤ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ।