ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2020 ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ“ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ“ ਤਹਿਤ ਅੱਜ 454 ਟਰਾਲੀਆਂ, 50 ਬੱਸਾਂ, 60 ਟਰੱਕ /ਟਰਾਲੇ /ਕੈਂਟਰਾਂ ਅਤੇ 400 ਤੋਂ ਵੱਧ ਦਰਮਿਆਨੀਆਂ ਤੇ ਛੋਟੀਆਂ ਗੱਡੀਆਂ ‘ਤੇ ਸਵਾਰ16000 ਤੋਂ ਵੱਧ ਕਿਸਾਨਾਂ ਮਜਦੂਰਾਂ ਔਰਤਾਂ ਨੌਜਵਾਨਾਂ ਦਾ ਕਾਫਲਾ ਖਨੌਰੀ ਬਾਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਕਾਫਲਾ ਖੜਖੜ ਟੌਲ ਪਲਾਜਾ ਬੰਦ ਕਰਕੇ ਉਡੀਕ ਰਹੇ ਸੈਂਕੜੇ ਹਰਿਆਣਵੀ ਕਿਸਾਨਾਂ ਵਿੱਚ ਜਾ ਰਲਿਆ। ਇੱਥੇ ਕੀਤੀ ਗਈ ਸਾਂਝੀ ਰੈਲੀ ਨੂੰ ਹਰਿਆਣਵੀ ਕਿਸਾਨ ਆਗੂਆਂ ਜੋੋੋਗਿੰਦਰ ਛਾਬੜਾ,ਸਤਬੀਰ ਪਹਿਲਵਾਨ ਅਤੇ ਮੇਵਾ ਸਿੰਘ ਤੋਂ ਇਲਾਵਾ ਜਥੇਬੰਦੀ ਵੱਲੋਂ ਜਗਤਾਰ ਸਿੰਘ ਕਾਲਾਝਾੜ,ਕਮਲਜੀਤ ਕੌਰ ਬਰਨਾਲਾ,ਜੋੋੋਗਿੰਦਰ ਸਿੰਘ ਦਿਆਲਪੁਰਾ,ਜਨਕ ਸਿੰਘ ਭੁਟਾਲ,ਬੁੱਕਣ ਸਿੰਘ ਸੱਦੋਵਾਲ, ਅਜੈਬ ਸਿੰਘ ਲੱਖੇਵਾਲ,ਸਰਬਜੀਤ ਮਲੇਰਕੋਟਲਾ ਅਤੇ ਜਗਰੂਪ ਸਿੰਘ (ਨਿਊਜ਼ ਟੂਡੇ) ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਕਾਰਪੋਰੇਟਾਂ ਦੀ ਸੇਵਾਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਮੜਨ ਲਈ ਢੀਠਤਾ ਭਰੀ ਜ਼ਿੱਦ ਫੜੀ ਹੋਈ ਹੈ। ਕਾਰਪੋਰੇਟਾਂ ਦੇ ਵਾਰੇ ਨਿਆਰੇ ਅਤੇ ਕਿਸਾਨਾਂ ਦੀ ਬਰਬਾਦੀ ਕਰਨ ਵਾਲੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਅਤੇ ਗਹਿਰੀ ਧੁੰਦ ਵਿੱਚ ਵੀ ਦਿੱਲੀ ਦੀਆਂ ਬਰੂਹਾਂ ‘ਤੇ ਲੱਖਾਂ ਦੀ ਤਾਦਾਦ ਵਿੱਚ ਦਿਨੇ ਰਾਤ ਸ਼ਾਂਤਮਈ ਮੋਰਚੇ ‘ਚ ਮਹੀਨੇ ਭਰ ਤੋਂ ਡਟੇ ਹੋਏ ਮਰਦ, ਔਰਤਾਂ,ਨੌਜਵਾਨ ਤੇ ਬੱਚੇ ਬੁੱਢੇ ਕਿਸਾਨਾਂ ਮਜਦੂਰਾਂ ਤੇ ਹਜ਼ਾਰਾਂ ਹਮਾਇਤੀ ਲੋਕਾਂ ਦੀ ਹੱਕੀ ਆਵਾਜ ਨੂੰ ਅਣਸੁਣੀ ਕੀਤਾ ਜਾ ਰਿਹਾ ਹੈ। ਇਸ ਜ਼ਾਲਮ ਵਤੀਰੇ ਨਾਲ ਦਰਜਨਾਂ ਲੋਕਾਂ ਦੀ ਬਲੀ ਲਈ ਜਾ ਚੁੱਕੀ ਹੈ। ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹਿੰਦੀ ਵਿੱਚ 50ਹਜਾਰ ਦੀ ਗਿਣਤੀ ‘ਚ ਛਾਪਿਆ ਹੱਥ ਪਰਚਾ ਅੱਜ ਦੀ ਰੈਲੀ ਵਿੱਚ ਵੀ ਵੰਡਿਆ ਗਿਆ ਅਤੇ ਬਾਕੀ ਦਾ ਕੱਲ ਵਾਲੇ ਕਾਫਲੇ ਵੱਲੋਂ ਅਤੇ ਦਿੱਲੀ ਮੋਰਚੇ ਵਿੱਚ ਵੰਡਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਿਸਥਾਨ ਤੇ ਯੂ ਪੀ ਵਿੱਚ ਦੀ ਹੁੰਦਾ ਹੋਇਆ ਅੱਜ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ। ਸੰਘਰਸ਼ ਦਾ ਨਿਸ਼ਾਨਾ ਮੋਦੀ ਹਕੂਮਤ ਦੇ ਬਰਾਬਰ ਹੀ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਰੱਤ ਨਿਚੋੜ ਕਾਰੋਬਾਰ ਵੀ ਬਣਾਏ ਗਏ ਹਨ। ਇਕੱਠ ਵੱਲੋਂ ਦੋ ਮਿੰਟ ਲਈ ਮੌਨ ਧਾਰ ਕੇ ਕਿਸਾਨ ਮੋਰਚੇ ਦੇ ਸ਼ਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਪਾਣੀਆਂ ਵਰਗੇ ਆਪਸੀ ਸਹਿਮਤੀ ਨਾਲ ਹੱਲ ਹੋਣ ਵਰਗੇ ਮੁੱਦੇ ਨੂੰ ਭਾਜਪਾ ਵੱਲੋਂ ਪੰਜਾਬ ਹਰਿਆਣੇ ਦੇ ਕਿਸਾਨਾਂ ‘ਚ ਪਾਟਕ ਪਾਊ ਹਥਿਆਰ ਵਜੋਂ ਵਰਤਣ ਦੇ ਕਮੀਨੇ ਯਤਨਾਂ ਦੀ ਸਖਤ ਨਿਖੇਧੀ ਕਰਦੇ ਹੋਏ ਇਹਨਾਂ ਯਤਨਾਂ ਨੂੰ ਹਰਿਆਣੇ ਦੇ ਕਿਸਾਨਾਂ ਵੱਲੋਂ ਦੋ ਟੁਕ ਰੱਦ ਕਰਨ ਦੀ ਬੁਲਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
“ਅਮਰ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ“ “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ“ ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਇਸ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇੱਥੇ ਦਾ ਟੌਲ ਪਲਾਜਾ ਪੰਜਾਬ ਹਰਿਆਣੇ ਦੇ ਕਿਸਾਨਾਂ ਦੀ ਇਕਜੁੱਟ ਤਾਕਤ ਨਾਲ ਪੱਕੇ ਤੌਰ ਤੇ ਬੰਦ ਰੱਖਿਆ ਜਾਵੇਗਾ। ਕੱਲ ਨੂੰ ਡੱਬਵਾਲੀ ਤੋਂ ਤੁਰਨ ਵਾਲੇ ਕਾਫਲੇ ਵੱਲੋਂ ਵੀ ਫਤਿਹਾਬਾਦ ਰਾਤ ਠਹਿਰਨ ਵੇਲੇ ਸ਼ਾਮੀਂ ਹਰਿਆਣਵੀ ਕਿਸਾਨਾਂ ਨਾਲ ਸਾਂਝੀ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਦਿਨ ਦਿੱਲੀ ਵੱਲ ਕੂਚ ਕੀਤਾ ਜਾਵੇਗਾ।