ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2020 - ਲੰਘੀ 25 ਦਸੰਬਰ ਨੂੰ ਬਠਿੰਡਾ ’ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਭਾਰਤੀ ਜੰਤਾ ਪਾਰਟੀ ਵੱਲੋਂ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਤੇ ਹਮਲਾ ਕਰਨ ਮਾਮਲੇ ’ਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਇੰਸਪੈਕਟਰ ਦਵਿੰਦਰ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਦਰਜ ਇਸ ਪੁਲਿਸ ਕੇਸ ’ਚ 30-40 ਅਣਪਛਾਤੇ ਵਿਅਕਤੀਆਂ ਨੂੰ ਧਾਰਾ323,427,269, 270, 148,149 ,188,120 ਬੀ ਤਹਿਤ ਨਾਮਜਦ ਕੀਤਾ ਹੈ। ਇਸ ਹਮਲੇ ’ਚ ਭਾਜਪਾ ਦੇ ਸਮਾਗਮ ਪੰਡਾਲ ’ਚ ਰੱਖੀਆਂ ਕੁਰਸੀਆਂ ਦੀ ਭੰਨ ਤੋੜ ਕੀਤੀ ਗਈ ਸੀ ਅਤੇ ਨਾਲ ਹੀ ਇਸ ਹੱਲੇ ’ਚ ਰਵਿੰਦਰ ਕੁਮਾਰ ਵਾਸੀ ਬਠਿੰਡਾ ਜਖਮੀ ਹੋ ਗਿਆ ਸੀ।
ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਹਮਲਾਵਰਾਂ ਖਿਲਾਫ ਕੇਸ ਨਹੀਂ ਦਰਜ ਕੀਤਾ ਜਾਂਦਾ ਉਹ ਬਠਿੰਡਾ ਚੋਂ ਵਾਪਿਸ ਨਹੀਂ ਜਾਣਗੇ। ਭਾਜਪਾ ਆਗੂਆਂ ਨੇ ਇਸ ਮਾਮਲੇ ਨੂੰ ਮੁੱਛ ਦਾ ਸਵਾਲ ਬਣਾ ਲਿਆ ਤਾਂ ਮੁਕੱਦਮਾ ਦਰਜ ਕਰਨਾ ਪਿਆ ਜਦੋਂਕਿ ਇਸ ਤੋਂ ਪਹਿਲਾਂ ਸਰਕਾਰ ਕਿਸਾਨਾਂ ਖਿਲਾਫ ਕਾਰਵਾਈ ਤੋਂ ਪਾਸਾ ਵੱਟਦੀ ਆ ਰਹੀ ਸੀ। ਐਫਆਈਆਰ ਅਨੁਸਾਰ ਵਿਨੋਦ ਕੁਮਾਰ ਬਿੰਟਾ ਦੀ ਅਗਵਾਈ ਹੇਠ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਸਬੰਧ ’ਚ ਉੜਾਂਗ ਸਿਨੇਮਾ ਦੇ ਸਾਹਮਣੇ ਰਾਮ ਮੰਦਰ ਦੀ ਮਾਰਕੀਟ ’ਚ ਪਾਰਕਿੰਗ ਵਿੱਚ ਟੈਂਟ ਲਗਾਇਆ ਸੀ ।
ਇੱਥੇ ਐਲਸੀਡੀ ਲਗਾਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਕਰਾਂ ਨੂੰ ਸਿੱਧੇ ਪ੍ਰਸਾਰਨ ਰਾਹੀਂ ਸੰਬੋਧਨ ਕਰਨਾ ਸੀ। ਦੁਪਹਿਰ 12 ਵਜੇ ਕਿਸਾਨ ਅਤੇ ਹੋਰ ਜੱਥੇਬੰਦੀਆਂ ਦੇ ਕਾਰਕੁੰਨ ਅਤੇ ਔਰਤਾਂ ਮਾਨ ਪੈਟਰੋਲ ਪੰਪ ਵਾਲੇ ਪਾਸਿਓਂ ਆਏ ਜਿਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਤੇ ਅੱਗੇ ਵਧ ਗਏ ਅਤੇ ਟੈਂਟ ਦਾ ਨੁਕਸਾਨ ਕੀਤਾ ਜਦੋਂ ਕਿ ਇੱਥੇ ਬੈਠੇ ਬੀਜੇਪੀ ਵਰਕਰ ਭੱਜ ਗਏ। ਇਸ ਭੱਜ ਦੌੜ ’ਚ ਬੀਜੇਪੀ ਵਰਕਰ ਰਵਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਅਗਰਵਾਲ ਸਟਰੀਟ ਬਠਿੰਡਾ ਦੇ ਸੜਕ ਤੇ ਡਿੱਗਣ ਕਾਰਨ ਸੱਟਾਂ ਲੱਗੀਆਂ। ਐਫ ਆਈ ਆਰ ’ਚ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਬੀਜੇਪੀ ਦੇ ਟੈਂਟ ਆਦਿ ਦੀ ਭੰਨ ਤੋੜ ਕੀਤੀ ਗਈ।
ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਤਹਿਤ ਭਾਰਤੀ ਜੰਤਾ ਪਾਰਟੀ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ। ਭਾਜਪਾ ਵੱਲੋਂ ਬਠਿੰਡਾ ’ਚ ਕਰਵਾਏ ਜਾ ਰਹੇ ਸਮਾਗਮ ਦੀ ਕਿਸਾਨ ਜੱਥੇਬੰਦੀਆਂ ਸਮੇਤ ਵੱਖ ਵੱਖ ਸੰਘਰਸ਼ੀ ਧਿਰਾਂ ਨੂੰ ਭਿਣਕ ਪੈ ਗਈ ਅਤੇ ਉਹ ਵਿਰੋਧ ਕਰਨ ਲਈ ਮੌਕੇ ਤੇ ਪੁੱਜ ਗਏ। ਭਾਵੇਂ ਪੁਲਿਸ ਨੇ ਐਸਐਸਪੀ ਬਠਿੰਡਾ ਦੀ ਦੇਖ ਰੇਖ ਹੇਠ ਸਮਾਗਮ ਵਾਲੀ ਥਾਂ ਵੱਡੀ ਨਫਰੀ ਤਾਇਨਾਤ ਕਰਨ ਤੋਂ ਇਲਾਵਾ ਅਮਰੀਕ ਸਿੰਘ ਰੋਡ ਨੂੰ ਵੱਡੇ ਬੈਰੀਕੇਡ ਲਾ ਕੇ ਸੀਲ ਕਰਨ ਦੇ ਨਾਲ ਨਾਲ ਦੰਗਾ ਰੋਕੂ ਵਾਹਨ,ਜਲ ਤੋਪ ਅਤੇ ਹੰਝੂ ਗੈਸ ਦਸਤੇ ਵਰਗਾ ਤਾਮ ਝਾਮ ਵੀ ਲਿਆਂਦਾ ਹੋਇਆ ਸੀ।
ਇਸ ਦੇ ਉਲਟ ਕਿਸਾਨਾਂ ਦੇ ਜੋਸ਼ ਅੱਗੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਪੰਜ ਮਿੰਟ ’ਚ ਢਹਿ ਢੇਰੀ ਹੋ ਗਏ। ਇਸੇ ਦੌਰਾਨ ਵਿਰੋਧ ਕਰਨ ਵਾਲੀਆਂ ਧਿਰਾਂ ਦੇ ਵਰਕਰਾਂ ਨੇ ਟੈਂਟ ਤੇ ਧਾਵਾ ਬੋਲ ਦਿੱਤਾ। ਹੱਲਾ ਬੋਲਣ ਵਾਲਿਆਂ ਨੇ ਕੁਰਸੀਆਂ ਭੰਨ ਦਿੱਤੀਆਂ ਅਤੇ ਮਹੌਲ ਵਿਗੜਦਾ ਦੇਖ ਭਾਜਪਾ ਕਾਰਕੁੰਨ ਮੌਕੇ ਤੋਂ ਚਲੇ ਗਏ। ਇਸ ਮੌਕੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਖਿਲਾਫ ਧਰਨੇ ਲਾਏ ਅਤੇ ਨਾਅਰੇਬਾਜੀ ਕੀਤੀ। ਅੰਤ ਨੂੰ ਭਾਜਪਾ ਵਰਕਰ ਰੋਸ ਜਤਾਉਣ ਉਪਰੰਤ ਵਾਪਿਸ ਮੁੜ ਗਏ ਅਤੇ ਕਿਸਾਨਾਂ ਨੇ ਵੀ ਧਰਨਾ ਚੁੱਕ ਦਿੱਤਾ। ਓਧਰ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ 25 ਦਸੰਬਰ ਦੀ ਘਟਨਾ ਦੇ ਸਬੰਧ ’ਚ ਪੁਲਿਸ ਕੇਸ ਦਰਜ ਕਰ ਲਿਆ ਹੈ ਪਰ ਹਾਲ ਦੀ ਘੜੀ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ।
ਜੰਜ ਕੁਪੱਤੀ ਸੁਥਰਾ ਭਲਾਮਾਣਸ:ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਆਗੂ ਮੋਠੂ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਇਹ ਤਾਂ ਜੰਜ ਕੁਪੱਤੀ ਸੁਥਰਾ ਭਲਾਮਾਣਸ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਭੰਨਤੋੜ ਬੀਜੇਪੀ ਨੇ ਖੁਦ ਕਰਵਾਈ ਹੈ ਜਦੋਂਕਿ ਕਿਸਾਨ ਤਾਂ ਸ਼ਾਂਤਮਈ ਵਿਰੋਧ ਕਰ ਰਹੇ ਸਨ। ਉਹਨਾਂ ਆਖਿਆ ਕਿ ਪੁਲਿਸ ਮੌਕੇ ਤੇ ਮੌਜੂਦ ਸੀ ਤਾਂ ਉਸ ਨੂੰ ਹਮਲਾਵਰ ਗਿ੍ਰਫਤਾਰ ਕਰਨੇ ਚਾਹੀਦੇ ਸਨ ਜਿਸ ਨਾਲ ਮਾਮਲਾ ਮੌਕੇ ਤੇ ਹੀ ਸਾਫ ਹੋ ਜਾਣਾ ਸੀ। ਉਹਨਾਂ ਆਖਿਆ ਕਿ ਮੁੱਖ ਮੰਤਰੀ ਖੁਦ ਨੂੰ ਕਿਸਾਨੀ ਦੇ ਵੱਡੇ ਹਮਾਇਤੀ ਦੱਸਦੇ ਹਨ ਅਤੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੇ ਪੈਰ ਜਮਾਉਣ ਲਈ ਕਿਸਾਨਾਂ ਨੂੰ ਝੂਠੇ ਕੇਸਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਝੂਠਾ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਭਾਜਪਾ ਦਾ ਵਿਰੋਧ ਜਾਰੀ ਰੱਖਿਆ ਜਾਏਗਾ।