ਅਸ਼ੋਕ ਵਰਮਾ
ਨਵੀਂ ਦਿੱਲੀ, 27 ਦਸੰਬਰ 2020 - ਦਿੱਲੀ ਦੇ ਟਿਕਰੀ ਬਾਰਡਰ ‘ਤੇ ਲੱਗੇ ਕਿਸਾਨ ਮੋਰਚੇ ‘ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਤੇ ਸੰਘਰਸ਼ ਅੰਦਰ ਡਟੇ ਰਹਿਣ ਦਾ ਅਹਿਦ ਲਿਆ । ਅੱਜ ਦੀ ਵਿਸ਼ਾਲ ਰੈਲੀ ਦੀ ਸ਼ੁਰੂਆਤ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਣ ਤੇ ਜੋਸ਼ੀਲੇ ਨਾਅਰੇ ਗੁੰਜਾਉਣ ਨਾਲ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਬਰ ਜ਼ੁਲਮ ਖ਼ਿਲਾਫ ਡਟਣ ਪ੍ਰੇਰਨਾ ਦਿੰਦੀ ਹੈ। ਇਹਨਾਂ ਸ਼ਹਾਦਤਾਂ ਦਾ ਦੌਰ ਲੋਕਾਂ ਦੇ ਹੱਕੀ ਸੰਗਰਾਮਾਂ ਦੇ ਇਤਿਹਾਸ ਅੰਦਰ ਅਜਿਹਾ ਸ਼ਾਨਾਂਮੱਤਾ ਅਧਿਆਏ ਹੈ ਜੋ ਕਿਰਤੀ ਜਮਾਤਾਂ ਦੇ ਆਗੂਆਂ ਦੀ ਦਲੇਰੀ, ਸਬਰ, ਸਿਦਕ ਤੇ ਆਪਾਵਾਰੂ ਭਾਵਨਾ ਦੀ ਲਾਸਾਨੀ ਮਿਸਾਲ ਬਣਦਾ ਹੈ।
ਉਹਨਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ਾਂ ਅੰਦਰ ਮੁਲਕ ਦੇ ਕਿਸਾਨ ਅੱਜ ਦੇ ਦਿਹਾੜੇ ਇਨਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਰਹੇ ਹਨ। ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ਼ ਨਜਰਅੰਦਾਜ ਕਰਨ ਦੇ ਰਵੱਈਏ ਦੀ ਜੋਰਦਾਰ ਨਿੰਦਾ ਕਰਦਿਆਂ ਉਹਨਾਂ ਕਿਹਾ ਕਿ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਦੀ ਸੇਵਾ ਕਰਨ ਦਾ ਵਚਨ ਦੇ ਕੇ ਆਈ ਸੱਤਾ ‘ਚ ਬੈਠੀ ਮੋਦੀ ਸਰਕਾਰ ਆਪਣਾ ਵਚਨ ਪੁਗਾ ਰਹੀ ਹੈ ਤੇ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤੀਆਂ ਸੋਧਾਂ ਇਹਨਾਂ ਕਾਨੂੰਨਾਂ ਦੇ ਤੱਤ ਅੰਦਰ ਕੋਈ ਫਰਕ ਪਾਉਣ ਵਾਲੀਆਂ ਨਹੀਂ ਹਨ ਸਗੋਂ ਇਹ ਤਿੰਨੋਂ ਕਨੂੰਨ ਇੱਕ ਦੂਜੇ ਨਾਲ ਜੁੜ ਕੇ ਬੱਝਵਾਂ ਹਮਲਾ ਬਣਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਰੱਦ ਕਰਨ ਦਾ ਅਰਥ ਖੇਤੀ ਜਿਣਸਾਂ ਦੀ ਮੰਡੀ ਅੰਦਰ ਕਾਰਪੋਰੇਟਾਂ ਦੇ ਦਾਖਲੇ ਦਾ ਰਾਹ ਬੰਦ ਕਰਨਾ ਹੈ। ਉਨਾਂ ਕਿਹਾ ਕਿ ਇਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਸਭਨਾਂ ਸੂਬਿਆਂ ਤੇ ਸਭਨਾਂ ਫ਼ਸਲਾਂ ਦੀ ਐੱਮ ਐੱਸ ਪੀ ਉੱਪਰ ਸਰਕਾਰੀ ਖਰੀਦ ਦਾ ਕਾਨੂੰਨੀ ਹੱਕ ਲੈਣ ਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ ਆਦਿ ਮੰਗਾਂ ਲਈ ਇਹ ਘੋਲ ਹੋਰ ਸਿਖਰਾਂ ਵੱਲ ਜਾਵੇਗਾ ।
ਅੱਜ ਦੀ ਇਸ ਰੈਲੀ ਨੂੰ ਹਰਿਆਣੇ ਦੇ ਕਿਸਾਨ ਆਗੂਆਂ ਨਫੇ ਸਿੰਘ, ਰਜੇਸ਼ ਧਨਖੜ ਝੱਜਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਵਿਦਿਆਰਥੀ ਰਵਿੰਦਰ ਹਰਿਆਣਾ , ਕਿਸਾਨ ਸੰਘਰਸ਼ ਕਮੇਟੀ ਦੇ ਸੁਖਵੰਤ ਸਿੰਘ ਵਲਟੋਹਾ, ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਫ਼ਿਲਮੀ ਡਾਇਰੈਕਟਰ ਜਤਿੰਦਰ ਮੌਹਰ, ਨੌਜਵਾਨ ਭਾਰਤ ਸਭਾ ਦੇ ਅਮਿਤੋਜ ਮਾਨ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ ਸਮੇਤ ਦਰਜਨ ਭਰ ਬੁਲਾਰਿਆਂ ਨੇ ਸੰਬੋਧਨ ਕੀਤਾ। ਅੱਜ ਦੀ ਇਸ ਰੈਲੀ ਵਿਚ ਡੀ ਟੀ ਐਫ ਦੀ ਅਗਵਾਈ ਹੇਠ ਮੋਗਾ ਤੋਂ ਸੈਂਕੜੇ ਅਧਿਆਪਕ ਵੀ ਸ਼ਾਮਲ ਹੋਏ।