ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2020 - ਬਠਿੰਡਾ ਦੇ ਸੇਵਾਮੁਕਤ ਪੁਲਿਸ ਅਫਸਰਾਂ ਨੇ ਅੱਜ ਕਿਸਾਨ ਮੋਰਚੇ ਦੇ ਹੱਕ ’ਚ ਲਲਕਾਰ ਮਾਰੀ ਹੈ। ਇਹਨਾਂ ਪੁਲਿਸ ਅਧਿਕਾਰੀਆਂ ਨੇ ਸਾਬਕਾ ਡੀਐਸਪੀ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੇ ਦਫਤਰ ਵਿਖੇ ਮਨ ਕੀ ਬਾਤ ਖਿਲਾਫ ਥਾਲੀਆਂ ਖੜਕਾਈਆਂ ਅਤੇ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪੁਲਿਸ ਮੁਲਾਜਮਾਂ ਨੇ ਇਸ ਮੌਕੇ ਨਸੀਹਤ ਦਿੱਤੀ ਕਿ ਹੁਣ ਮੋਦੀ ਦੀ ਹਾਂ ਜਾਂ ਨਾਂਹ ਤੇ ਅੰਬਾਨੀਆਂ ਅਡਾਨੀਆਂ ਦੇ ਕਾਰੋਬਾਰਾਂ ਦੇ ਬੂਹੇ ਖੁੱਲਣ ਦਾ ਫੈਸਲਾ ਟਿਕਿਆ ਹੋਇਆ ਹੈ ।
ਉਮਰ ਦੇ ਅੰਤਲੇ ਪੜਾਅ ’ਚ ਇਹਨਾਂ ਅਧਿਕਾਰੀਆਂ ਨੇ ਘਰ ਛੱਡ ਦਿੱਤੇ ਹਨ ਅਤੇ ਦਿੱਲੀ ਡੇਰਾ ਜਮਾਉਣਾ ਫੈਸਲਾ ਲਿਆ ਹੈ। ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸੇਵਾਮੁਕਤ ਹੋਏ ਹਨ ਕੇਂਦਰ ਸਰਕਾਰ ਉਹਨਾਂ ਨੂੰ ਬੁੱਢੇ ਨਾਂ ਸਮਝੇੇ ਉਹ ਸ਼ੇਰ ਹਨ ਅਤੇ ਪੰਜਾਬ ਦੀਆਂ ਪੈਲੀਆਂ ਖਾਤਰ ਹੁਣ ਵੀ ਲੜਨ ਦੇ ਸਮਰੱਥ ਹਨ। ਇਸ ਮੌਕੇਸੇਵਾਮੁਕਤ ਇੰਸਪੈਟਰ ਜਰਨੈਲ ਸਿੰਘ,ਪਰਸਨ ਸਿੰਘ,ਹਰਪਾਲ ਸਿੰਘ ਮੀਆਂ ਅਤੇ ਏਐਸਆਈ ਦਲਜੀਤ ਸਿੰਘ ਸਮੇਤ ਕਰੀਬ 4 ਦਰਜਨ ਪੁਲਿਸ ਅਫਸਰਾਂ ਨੇ ਭਾਗ ਲਿਆ।
ਡੀਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਸਵੇਰੇ 4 ਵਜੇ ਰਿਟਾਇਰ ਪੁਲਿਸ ਅਫਸਰ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਲਈ ਰਵਾਨਾ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਆਪਣੇ ਸਮੇਂ ’ਚ ਕਾਨੂੰਨ ਦੀ ਰਖਵਾਲੀ ਕਰਨ ਵਾਲੇ ਇਹਨਾਂ ਅਧਿਕਾਰੀਆਂ ਵੱਲੋਂ ਮੋਰਚੇ ਦੀ ਹਮਾਇਤ ’ਚ ਕੁੱਦਣ ਤੋਂ ਬਾਅਦ ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਹੁਣ ਖੇਤੀ ਕਾਨੂੰਨ ਰੱਦ ਕਰਨ ਤੋਂ ਸਿਵਾਏ ਕੋਈ ਰਾਹ ਨਹੀਂ ਬਚਿਆ ਹੈ।