← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2020 : ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ’ਚ ਸਿੱਖ ਚਿਹਰੇ ਵਜੋਂ ਪੇਸ਼ ਕੀਤੇ ਜਾਂਦੇ ਹਰਜੀਤ ਗਰੇਵਾਲ ਦਾ ਉਸ ਦੇ ਪਿੰਡ ਵਾਸੀਆਂ ਵੱਲੋਂ ਕੀਤੇ ਸਮਾਜਿਕ ਬਾਈਕਾਟ ਕਾਰਨ ਭਾਜਪਾ ਦੇ ਪੇਂਡੂ ਅਧਾਰ ’ਚ ਚੁੱਪ ਪੱਸਰ ਗਈ ਹੈ। ਬਠਿੰਡਾ ’ਚ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ ਸਮਾਗਮਾਂ ਮੌਕੇ ਪੰਡਾਲ ਤੇ ਬੋਲੇ ਹੱਲੇ ਨੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਹੈ। ਪਤਾ ਲੱਗਿਆ ਹੈ ਕਿ ਕਿਸਾਨ ਪ੍ਰੀਵਾਰ ਤਾਂ ਭਗਵਾ ਪਾਰਟੀ ਦੇ ਆਗੂ ਵਜੋਂ ਕੰਮ ਕਰਦੇ ਆਪਣੇ ਰਿਸ਼ਤੇਦਾਰਾਂ ਨੂੰ ਵਰਜਣ ਲੱਗੇ ਹਨ। ਦੱਸਿਆ ਜਾਂਦਾ ਹੈ ਕਿ ਮਾਨਸਾ ਜਿਲੇ ਦੇ ਇੱਕ ਕਿਸਾਨ ਪ੍ਰੀਵਾਰ ਨੇ ਤਾਂ ਭਾਜਪਾਈ ਰਿਸ਼ਤੇਦਾਰ ਨੂੰ ਸਿਆਣੇ ਬਣਨ ਦੀ ਨਸੀਹਤ ਦਿੱਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ’ਚ ਨਾਤਾ ਤੋੜਨ ਦਾ ਅਲਟੀਮੇਟਮ ਵੀ ਦਿੱਤਾ ਹੈ। ਭਾਵੇਂ ਅਜਿਹੀਆਂ ਘਟਨਾਵਾਂ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੁੰਦੀ ਪਰ ਇਸ ਤੋਂ ਜਾਹਰ ਹੈ ਕਿ ਹੁਣ ਤਾਂ ਪਿੰਡਾਂ ਦੇ ਚੌਂਕਿਆਂ ਚੁੱਲਿਆਂ ਤੋਂ ਵੀ ਖੇਤੀ ਕਾਨੂੰਨਾਂ ਖਿਲਾਫ ਅਵਾਜ਼ ਉੱਠ ਲੱਗੀ ਹੈ। ਇਸ ਨੂੰ ਦੇਖਦਿਆਂ ਮਾਲਵਾ ਖਿੱਤੇ ’ਚ ਬਹੁਤ ਸਾਰੇ ਨੇਤਾਵਾਂ ਨੇ ਆਪਣੀਆਂ ਨਿੱਜੀ ਕਾਰਾਂ ਜਾਂ ਹੋਰ ਗੱਡੀਆਂ ਤੋਂ ਕਮਲ ਦੇ ਫੁੱਲ ਵਾਲੇ ਪੋਸਟਰ ਹਟਾ ਦਿੱਤੇ ਹਨ ਜਦੋਂਕਿ ਗੱਡੀਆਂ ਦੇ ਅਗਲੇ ਹਿੱਸੇ ’ਚ ਲੱਗੀਆਂ ਪਾਰਟੀ ਅਹੁਦਿਆਂ ਦੀਆਂ ਨੇਮ ਪਲੇਟਾਂ ਵੀ ਗਾਇਬ ਹੋ ਗਈਆਂ ਹਨ। ਹਾਲਾਤਾਂ ਨੇ ਅਜਿਹਾ ਮੋੜਾ ਕੱਟਿਆ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਬੀਜੇਪੀ ਕਾਰਕੁੰਨਾਂ ਦੀ ਸੁਰੱਖਿਆ ਦੇਣੀ ਪੈ ਰਹੀ ਹੈ। ਭਾਰਤੀ ਜੰਤਾ ਪਾਰਟੀ ਦੇ ਜਿਲਾ ਪ੍ਰਧਾਨ ਵਿਨੋਦ ਬਿੰਟਾ ਨੂੰ ਤਾਂ ਹਾਲ ਹੀ ਵਿਚ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਪ੍ਰਸ਼ਾਸ਼ਨ ਨੇ ਕੁੱਝ ਦਿਨ ਪਹਿਲਾਂ ਮੋਹਰੀ ਭਾਜਪਾ ਆਗੂਆਂ ਨੂੰ ਗੰਨਮੈਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਆਮ ਲੋਕਾਂ ਦੀ ਨਜ਼ਰ ’ਚ ਚੜਨ ਤੋਂ ਡਰਦਿਆਂ ਬਹੁਤਿਆਂ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਪਾਸਾ ਵੱਟ ਲਿਆ। ਤਾਜਾ ਸਥਿਤੀ ਹੈ ਕਿ ਪੇਂਡੂ ਖੇਤਰਾਂ ’ਚ ਬੀਜੇਪੀ ਨਾਲ ਜੁੜੇ ਲੋਕਾਂ ਨੇ ਖੁਦ ਨੂੰ ਪਾਰਟੀ ਸਰਗਰਮੀਆਂ ਤੋਂ ਵੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਾਫੀ ਲੋਕ ਅੰਦਰੋ ਅੰਦਰੀ ਸਿਆਸੀ ਤੌਰ ਤੇ ਭਾਜਪਾ ਨਾਲ ਅਜੇ ਵੀ ਹਮਦਰਦੀ ਰੱਖਦੇ ਹੋਣ ਪਰ ਬਾਹਰੀ ਤੌਰ ਤੇ ਖੇਤੀ ਕਾਨੂੰਨਾਂ ਦੇ ਹੱਕ ’ਚ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ। ਦੋ ਦਿਨ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਠਿੰਡਾ ਪੁੱਜ ਕੇ ‘ਸਭ ਅੱਛਾ ਹੈ’ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਵਰਕਰਾਂ ਦੇ ਦਿਲ ਬੁਝੇ ਨਜ਼ਰ ਆ ਰਹੇ ਹਨ। ਇਸ ਪੱਤਰ ਕਾਰ ਕੋਲ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ ਆਫ ਦਾ ਰਿਕਾਰਡ ਮੰਨਿਆ ਹੈ ਕਿ ਅਸਲ ’ਚ ਕੋਈ ਵੀ ਨੇਤਾ ਜਨਤਕ ਤੌਰ ਤੇ ਕਿਸਾਨਾਂ ਦਾ ਵਿਰੋਧ ਝੱਲਣ ਨੂੰ ਤਿਆਰ ਨਹੀਂ ਪਾਰਟੀ ਵੱਲੋਂ ਤੁੰਨਣ ਤੇ ਸਭ ਕਰਨਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਭਾਜਪਾ ਤਾਂ ਪੰਜਾਬ ’ਚ ਰਾਜਗੱਦੀ ਦੇ ਸੁਫਨੇ ਲੈਣ ਲੱਗੀ ਸੀ ਪਰ ਖੇਤੀ ਕਾਨੂੰਨਾਂ ਖਿਲਾਫ ਉੱਠੇ ਲੋਕ ਰੋਹਦੇ ਝੱਖੜ ਤੇ ਸਭ ਤਹਿਸ ਨਹਿਸ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਹੱਠ ਅਤੇ ਕਿਸਾਨਾਂ ਦੇ ਜਬਰਦਸਤ ਵਿਰੋਧ ਨੇ ਤਾਂ ਪਿੰਡਾਂ ਵਿਚਲੀ ਹੇਠਲੇ ਪੱਧਰ ਦੀ ਲੀਡਰਸ਼ਿਪ ਨੂੰ ਚਿੰਤਾ ’ਚ ਪਾਇਆ ਪਾਇਆ ਹੋਇਆ ਹੈ। ਖਾਸ ਤੌਰ ਤੇ ਜਿਹਨਾਂ ਆਗੂਆਂ ਦੇ ਘਰਾਂ ਲਾਗੇ ਧਰਨੇ ਚੱਲ ਰਹੇ ਹਨ ਉਹਨਾਂ ਦੀ ਜਾਨ ਮੁੱਠੀ ’ਚ ਆਈ ਹੋਈ ਹੈ। ਖੇਤੀ ਕਾਨੂੰਨਾਂ ਨੂੰ ਲੈਕੇ ਪੰਜਾਬ ਵਾਸੀਆਂ ਨੂੰ ਭਰੋਸੇ ’ਚ ਨਾਂ ਲੈ ਸਕਣਾ ਅਤੇ ਸੂਬੇ ਦੇ ਵੱਡੇ ਵੋਟ ਬੈਂਕ ਕਿਸਾਨਾਂ ’ਚ ਬਣੀ ਨਰਾਜ਼ਗੀ ਦੂਰ ਕਰਨ ’ਚ ਅਸਫਲ ਰਹਿਣ ਕਾਰਨ ਤਾਂ ਭਾਰਤੀ ਜੰਤਾ ਪਾਰਟੀ ਨੂੰ ਫਿਲਹਾਲ ਆਪਣਾ ਅਧਾਰ ਹੀ ਬਰਕਰਾਰ ਰੱਖਣਾ ਔਖਾ ਜਾਪ ਰਿਹਾ ਹੈ ਰਾਜਗੱਦੀ ਤੇ ਬੈਠਣਾ ਤਾਂ ਦੂਰ ਦੀ ਗੱਲ ਹੈ। ਬਠਿੰਡਾ ਆਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਸੀ ਕਿ ਜਿਣਸਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ ਅਤੇ ਕਿਸਾਨਾਂ ਦੇ ਮਾਲਕਾਨਾ ਹੱਕ ਕਾਇਮ ਰਹਿਣਗੇ। ਉਹਨਾਂ ਆਖਿਆ ਸੀ ਕਿ ਕਿਸਾਨਾਂ ਨੂੰ ਸਿਆਸੀ ਧਿਰਾਂ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਕੇਂਦਰ ਸਰਕਾਰ ਅਜੇ ਵੀ ਕਿਸਾਨਾਂ ਦੇ ਜੋ ਸ਼ੰਕੇ ਹਨ, ਉਹ ਦੂਰ ਕਰਨ ਲਈ ਤਿਆਰ ਹਨ । ਉਹਨਾਂ ਜੋਰ ਦਿੱਤਾ ਸੀ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਪੈਰਾਂ ਦੀਆਂ ਬੇੜੀਆਂ ਤੋਂ ਮੁਕਤ ਕਰ ਦਿੱਤਾ ਹੈ। ਬੀਜੀਪੀ ਨੇਤਾ ਕੁੱਝ ਵੀ ਕਹਿਣ ਉਹਨਾਂ ਦੀਆਂ ਗੱਲਾਂ ਤੇ ਕਿਸਾਨ ਇਤਬਾਰ ਕਰਨ ਨੂੰ ਤਿਆਰ ਨਹੀਂ ਹਨ। ਮੋਦੀ ਸਰਕਾਰ ਹਕੀਕਤ ਪਛਾਣੇ ਸਮਾਜਿਕ ਕਾਰਕੁੰਨ ਸਾਧੂ ਰਾਮ ਕਸਲਾ ਦਾ ਕਹਿਣਾ ਸੀ ਕਿ ਕਬੂਤਰ ਦੇ ਅੱਖਾਂ ਮੀਚਿਆਂ ਬਿੱਲੀ ਨੂੰ ਨਜ਼ਰ ਆਉਣੋ ਨਹੀਂ ਬੰਦ ਹੋ ਜਾਂਦਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਹਕੀਕਤ ਪਛਾਣੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ । ਉਹਨਾਂ ਆਖਿਆ ਕਿ ਕਾਰਪੋਰੇਟ ਘਰਾਣਿਆਂ ਦੀ ਪੁਸ਼ਪਨਾਹੀਂ ਕਰਦਿਆਂ ਮੋਦੀ ਸਰਕਾਰ ਨੇ ਮੁਲਕ ਦਾ ਖੇਤੀ ਖੇਤਰ ਧਨਾਢਾਂ ਹਵਾਲੇ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ।
Total Responses : 265