ਅਸ਼ੋਕ ਵਰਮਾ
ਬਠਿੰਡਾ,28 ਦਸੰਬਰ 2020: ਪੰਜਾਬ ਖੇਤ ਮਜਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਇਕਾਈ ਸਿੰਘੇ ਵਾਲਾ ਫਤੂਹੀਵਾਲਾ ਵਿਖੇ ਵੱਡੀ ਗਿਣਤੀ ਵਿੱਚ ਜੁੜੇ ਮਰਦਾਂ ਔਰਤਾਂ ਅਤੇ ਨੌਜਵਾਨਾਂ ਨੇ ਰੋਸ ਰੈਲੀ ਐਲਾਨ ਕੀਤਾ ਕਿ 7 ਜਨਵਰੀ 2021 ਨੂੰ ਖੇਤ ਮਜਦੂਰ ਦਿੱਲੀ ਮੋਰਚੇ ’ਚ ਸ਼ਾਮਲ ਹੋਕੇ ਕਿਸਾਨ ਮੋਰਚੇ ਨੂੰ ਭਰਾਤਰੀ ਮੋਢਾ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਇਹਨਾਂ ਖੇਤ ਮਜਦੂਰਾਂ ਨੇ ਪਿੰਡ ਦੀਆਂ ਗਲੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਨਾਲ ਰੋਸ ਮੁਜਾਹਰਾ ਕਰਕੇ ਮਹਿਲਾ ਮਜਦੂਰ ਆਗੂ ਗੁਰਮੇਲ ਕੌਰ,ਕਿਰਸਨਾ ਦੇਵੀ, ਜਸਪਾਲ ਕੌਰ,ਰਾਣੀ ਕੌਰ ਅਤੇ ਨਿਰਮਲਾ ਦੇਵੀ ਦੀ ਅਗਵਾਈ ਚ ਔਰਤਾਂ ਨੇ ਪ੍ਰਧਾਨ ਮੰਤਰੀ ਦੀ ਅਰਥੀ ਨੂੰ ਲਾਂਬੂ ਲਾਇਆ। ਖੇਤ ਮਜਦੂਰਾਂ ਨੇ ਖੇਤੀ ਕਾਨੂੰਨ ਰੱਦ ਕਰਨ, ਮਜਦੂਰਾਂ ਦੇ ਸਾਲ ਭਰ ਰੁਜਗਾਰ ਦੀ ਗਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ । ਇਸ ਮੌਕੇ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਦੇਸ਼ ਦੀ ਖੁਰਾਕ ਸੁਰੱਖਿਆ ਉਤੇ ਹੱਲਾ ਹਨ ਜਿਸਦਾ ਸਭ ਤੋਂ ਜਿਆਦਾ ਤੇ ਤਿੱਖਾ ਸੰਤਾਪ ਖੇਤ ਮਜਦੂਰਾਂ ਨੂੰ ਹੰਢਾਉਣਾ ਪਵੇਗਾ। ਉਹਨਾਂ ਆਖਿਆ ਕਿ ਹਾਕਮਾਂ ਵੱਲੋਂ ਲਾਗੂ ਕੀਤੇ ਹਰੇ ਇਨਕਲਾਬ ਦੀ ਬਦੌਲਤ ਬੇਰੁਜਗਾਰੀ ਦੀ ਚੱਕੀ ਚ ਪਿਸਦੇ ਖੇਤ ਮਜਦੂਰਾਂ ਦੇ ਰੁਜਗਾਰ ਦਾ ਹੋਰ ਵੀ ਉਜਾੜਾ ਹੋਵੇਗਾ,ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਨਗੀਆਂ ਅਤੇ ਵਾਤਾਵਰਨ ਹੋਰ ਪਲੀਤ ਹੋਣ ਦੇ ਸਿੱਟੇ ਵਜੋਂ ਬਿਮਾਰੀਆਂ ਦਾ ਪ੍ਰਕੋਪ ਵਧੇਗਾ। ਉਹਨਾਂ ਦੱਸਿਆ ਕਿ ਬਿਜਲੀ ਸੋਧ ਬਿੱਲ 2020 ਦੇ ਤਹਿਤ ਬਿਜਲੀ ਦਾ ਮੁਕੰਮਲ ਨਿੱਜੀਕਰਨ ਕਰਕੇ ਬਿਜਲੀ ਖੇਤ ਮਜਦੂਰਾਂ ਦੀ ਪਹੁੰਚ ਤੋਂ ਦੂਰ ਕਰ ਦਿੱਤੀ ਜਾਵੇਗੀ।ਮਜਦੂਰ ਆਗੂ ਕਾਲਾ ਸਿੰਘ ਨੇ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਘੋਲ ਖੇਤ ਮਜਦੂਰਾਂ ਦਾ ਆਪਣਾ ਘੋਲ ਹੈ। ਉਹਨਾਂ ਐਲਾਨ ਕੀਤਾ ਕਿ 7 ਜਨਵਰੀ ਨੂੰ ਪਿੰਡ ਤੇ ਇਲਾਕੇ ਚੋਂ ਵੱਡੀ ਗਿਣਤੀ ਵਿੱਚ ਖੇਤ ਮਜਦੂਰ ਔਰਤਾਂ ਅਤੇ ਮਰਦ ਦਿੱਲੀ ਮੋਰਚੇ ਚ ਸ਼ਮੂਲੀਅਤ ਕਰਨਗੇ।ਇਸ ਮੌਕੇ ਮਜਦੂਰ ਆਗੂ ਰਾਮਪਾਲ ਗੱਗੜ, ਮੱਖਣ ਸਿੰਘ ਅਤੇ ਰੂਪ ਸਿੰਘ ਵੀ ਮੌਜੂਦ ਸਨ।