ਨਵੀਂ ਦਿੱਲੀ, 29 ਦਸੰਬਰ 2020 - ਕੇਂਦਰ ਨਾਲ ਹੋਣ ਵਾਲੀ 30 ਦਸੰਬਰ ਦੀ ਮੀਟਿੰਗ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਾ ਜਾਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕੋਈ ਠੋਸ ਚਰਚਾ ਦਾ ਵਿਚਾਰ ਅਜੇ ਵੀ ਨਹੀਂ ਬਣਾਇਆ ਜਾ ਰਿਹਾ ਹੈ ਤਾਂ ਕਰਕੇ ਉਹ ਇਸ ਮੀਟਿੰਗ ਦਾ ਬਾਈਕਾਟ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚਿੱਠੀਆਂ ਆ ਰਹੀਆਂ ਨੇ ਤੇ ਦੂਸਰੇ ਪਾਸੇ ਮੋਦੀ ਸਰਕਾਰ ਅਤੇ ਉਸਦਾ ਮੀਡੀਆ ਤੇ ਮੰਤਰੀ ਕਾਨੂੰਨਾਂ ਨੂੰ ਬਹੁਤ ਵਧੀਆਂ ਦੱਸ ਰਹੇ ਨੇ ਤੇ ਜੋ ਕਿ ਦੋਗਲੀ ਨੀਤੀ ਹੈ।
ਇੱਥੇ ਹੀ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਬਾਕੀ ਦੀਆਂ ਜਥੇਬੰਦੀਆਂ ਕੇਂਦਰ ਨਾਲ ਮੀਟਿੰਗ 'ਚ ਜਾ ਰਹੀਆਂ ਨੇ, ਜਿਸ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਗੱਲਬਾਤ ਕਰਨੀ ਜਾਂ ਨਹੀਂ ਕਰਨੀ, ਇਹ ਹਰ ਇੱਕ ਦਾ ਨਿੱਜੀ ਫੈਸਲਾ ਹੈ ਤੇ ਸਮੁੱਚੀ ਕਿਸਾਨ ਜਥੇਬੰਦੀਆਂ ਦੀ ਇਕਜੁਟਤਾ ਹੈ ਕਿ ਕਿਸਾਨ ਕਾਨੂੰਨ ਰੱਦ ਕਰਾ ਕੇ ਵਾਪਸ ਪਰਤਣਗੇ।