ਕਮਲਜੀਤ ਸਿੰਘ ਸੰਧੂ
ਧਨੌਲਾ, 29 ਦਸੰਬਰ 2020 - ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੇ ਕਰਕੇ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦਾ ਉਸਦੇ ਜ਼ੱਦੀ ਪਿੰਡ ਧਨੌਲਾ ਵਾਸੀਆਂ ਨੇ ਬਾਈਕਾਟ ਦਾ ਐਲਾਨ ਕੀਤਾ ਹੈ। ਹਰਜੀਤ ਗਰੇਵਾਲ ਬਰਨਾਲਾ ਜ਼ਿਲੇ ਦੇ ਧਨੌਲਾ ਨਾਲ ਸਬੰਧਤ ਹਨ। ਜਿੱਥੋਂ ਦੀਆਂ ਕਿਸਾਨ ਜੱਥੇਬੰਦੀਆਂ, ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਵਲੋਂ ਹਰਜੀਤ ਗਰੇਵਾਲ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ ਹੈ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਹਰਜੀਤ ਗਰੇਵਾਲ ਦੀ ਧਨੌਲਾ ਵਿੱਚ 5 ਏਕੜ ਦੇ ਕਰੀਬ ਜ਼ਮੀਨ ਹੈ। ਜਿਸਨੂੰ ਭਾਜਪਾ ਆਗੂ ਠੇਕੇ ’ਤੇ ਦਿੰਦਾ ਰਿਹਾ ਹੈ। ਪਰ ਹੁਣ ਸਮੂਹ ਪਿੰਡ ਦੇ ਲੋਕਾਂ ਨੇ ਇਸਦੀ ਜ਼ਮੀਨ ਠੇਕੇ ’ਤੇ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਜੇਕਰ ਕੋਈ ਵੀ ਪਿੰਡ ਦਾ ਕਿਸਾਨ ਭਾਜਪਾ ਆਗੂ ਦੀ ਜ਼ਮੀਨ ਠੇਕੇ ’ਤੇ ਲਵੇਗਾ ਤਾਂ ਉਸਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹਰਜੀਤ ਗਰੇਵਾਲ ਇੱਕ ਰਾਜ ਸਭਾ ਮੈਂਬਰੀ ਲੈਣ ਲਈ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਮਾ ਰਿਹਾ ਹੈ। ਜਿਸ ਕਰਕੇ ਸਮੁੱਚੇ ਪਿੰਡਾਂ ਨੂੰ ਇਸਦਾ ਰੋਸ ਹੈ। ਪਿੰਡ ਦੇ ਲੋਕਾਂ ਨੇ ਹਰਜੀਤ ਗਰੇਵਾਲ ਨੂੰ ਚੈਲੰਜ ਵੀ ਕੀਤਾ ਹੈ ਕਿ ਉਹ ਮੰਤਰੀ ਬਨਣਾ ਤਾਂ ਦੂਰ ਦੀ ਗੱਲ ਧਨੌਲਾ ਤੋਂ ਐਮ.ਸੀ ਤੱਕ ਨਹੀਂ ਬਣ ਸਕਦਾ। ਜੇਕਰ ਹਰਜੀਤ ਗਰੇਵਾਲ ਧਨੌਲਾ ਵਿੱਚ ਆਉਂਦਾ ਹੈ ਤਾਂ ਉਸਦਾ ਸਮੁੱਚੇ ਧਨੌਲਾ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾਵੇਗਾ।