ਅਸ਼ੋਕ ਵਰਮਾ
ਬਠਿੰਡਾ,29 ਦਸੰਬਰ2020: ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਅਤੇ ਮਜ਼ਦੂਰਾਂ ਤੇ ਹੋ ਰਹੇ ਸਮਾਜਿਕ ਜਬਰ ਵਿਰੁੱਧ ਅੱਜ ਪਿੰਡ ਕੋਟੜਾ ਕੌੜਿਆਂ ਵਾਲਾ ਵਿਚ ਅਰਥੀ ਫੂਕ ਮੁਜ਼ਾਹਰਾ ਕੀਤਾ । ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦੇ ਇਹ ਕਾਨੂੰਨ ਮਜ਼ਦੂਰਾਂ ਲਈ ਕਿਸਾਨਾਂ ਤੋਂ ਵੀ ਵਧ ਮਾਰੂ ਸਾਬਤ ਹੋਣਗੇ ਕਿਉਂਕਿ ਇਹਨਾਂ ਨਾਲ ਮਜ਼ਦੂਰਾਂ ਦੇ ਰੁਜਗਾਰ ਦਾ ਵੱਡੀ ਪੱਧਰ ਤੇ ਉਜਾੜਾ ਹੋਵੇਗਾ ਅਤੇ ਖਾਦ ਪਦਾਰਥਾਂ ‘ਤੇ ਅਡਾਨੀ ਅੰਬਾਨੀਆਂ ਦੇ ਕਾਬਜ ਹੋਣ ਮਗਰੋਂ ਉਹ ਭੁੱਖੇ ਮਰਨ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣੇ ਵੱਡੇ ਖੇਤੀ ਫਾਰਮਾਂ ਵਿੱਚ ਲੋਕਾਂ ਦੇ ਖਾਣ ਵਾਲੀਆਂ ਫਸਲਾਂ ਦੀ ਪੈਦਾਵਾਰ ਕਰਨ ਦੀ ਬਜਾਏ ਮੁਨਾਫੇ ਦੇਣ ਵਾਲੀਆਂ ਵਸਤਾਂ ਉਗਾਉਣਗੇ ਜੋ ਸਮਾਜ ਲਈ ਘਾਤਕ ਹੈ।
ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਖਾਤਰ ਖਤਮ ਕੀਤੀ ਜਾ ਰਹੀ ਜਨਤਕ ਵੰਡ ਪ੍ਰਣਾਲੀ ਕਾਰਨ ਖੇਤ ਮਜ਼ਦੂਰ ਮਹਿੰਗੀਆਂ ਵਸਤਾਂ ਖਰੀਦਣ ਲਈ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਮੰਨੂੰਵਾਦੀ ਪ੍ਰਬੰਧ ਮੁੜ ਸਥਾਪਿਤ ਕਰਨ ਲਈ ਮੋਦੀ ਸਰਕਾਰ ਅਤੇ ਆਰ ਐਸ ਐਸ ਦਲਿਤਾਂ ਤੇ ਜਬਰ ਜੁਲਮ ਕਰ ਰਹੀ ਹੈ। ਔਰਤਾਂ ਦੀਆਂ ਬੇਪਤੀਅ, ਬਲਾਤਕਾਰ ਤੇ ਕਤਲ ਕਰਨ ਰਾਹੀਂ ਮਜ਼ਦੂਰਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਮਜ਼ਦੂਰਾਂ ਦੇ ਹੱਕ ਲਈ ਢੋਈ ਬਣਦੇ ਐਸੀ/ ਐਸ ਟੀ ਵਰਗੇ ਕਾਨੂੰਨ ਸੋਧਕੇ ਦਲਿਤਾਂ ਦੇ ਹੱਕ ਖਤਮ ਕਰਨ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਹੀ ਮਜ਼ਦੂਰ ਕਾਨੂੰਨਾਂ ਵਿੱਚ ਵੱਡੀ ਪੱਧਰ ‘ਤੇ ਸੋਧਾਂ ਕਰਕੇ ਸੰਘਰਸ਼ਾਂ ਨੂੰ ਕੁਚਲਣ ਲਈ ਫਾਸ਼ੀ ਕਦਮ ਚੁੱਕੇ ਜਾ ਰਹੇ ਹਨ ।
ਉਹਨਾ ਮਜ਼ਦੂਰਾਂ ਨੂੰ ਭਾਜਪਾ ਹਕੂਮਤ ਵੱਲੋਂ ਕੀਤੇ ਜਾ ਰਹੇ ਸਮਾਜਿਕ ਜਬਰ ਨੂੰ ਠੱਲਣ ਲਈ ਉਠਣ ਦਾ ਸੱਦਾ ਦਿੱਤਾ । ਇਸ ਮੌਕੇ ਖੇਤ ਮਜ਼ਦੂਰਾਂ ਨੇ 7 ਜਨਵਰੀ ਨੂੰ ਯੂਨੀਅਨ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਜਾ ਰਹੇ ਕਾਫਲੇ ’ਚ ਵੀ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ । ਇਸ ਮੌਕੇ ਇਕਾਈ ਪ੍ਰਧਾਨ ਰਮਜ਼ਾਨ ਖਾਨ, ਸਵਰਨਜੀਤ ਸਿੰਘ, ਜਗਸੀਰ ਸਿੰਘ , ਅਵਤਾਰ ਸਿੰਘ , ਅਮਿ੍ਰਤ ਸਿੰਘ, ਜੱਗਾ ਸਿੰਘ ਅਤੇ ਹੈਪੀ ਸਿੰਘ ਆਦਿ ਆਗੂਆਂ ਨੇ ਰੋਸ ਮੁਜਾਹਰੇ ਦੀ ਅਗਵਾਈ ਕੀਤੀ।