- ਸਰਕਾਰ ਨਾ ਫੁਰਮਾਨੀ ਵਾਲੇ ਕਾਨੂੰਨ ਨਾ ਘੜੇ-ਬਾਬਾ ਬਲਬੀਰ ਸਿੰਘ
- ਤਰਨਾ ਦਲਾਂ ਦੇ ਮੁਖੀ ਬਾਬਾ ਅਵਤਾਰ ਸਿੰਘ ਤੇ ਬਾਬਾ ਗੱਜਣ ਸਿੰਘ ਨੇ ਵੀ ਵਿਤੀ ਸਹਾਇਤਾ ਦਿੱਤੀ
ਅੰਮ੍ਰਿਤਸਰ/ਦਿੱਲੀ 29 ਦਸੰਬਰ 2020 - ਕੇਂਦਰ ਸਰਕਾਰ ਵੱਲੋਂ ਕਿਰਸਾਨੀ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਲਈ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਪੰਜਵਾਂ ਤਖਤ ਚਲਦਾ ਵਹੀਰ ਦੀ ਅਗਵਾਈ ਵਿੱਚ ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਦਿਲੀ ਵਿਖੇ ਨਿਹੰਗ ਸਿੰਘ ਫੌਜਾਂ ਨਾਲ ਸਿੰਘੂ ਬਾਰਡਰ ਕਿਸਾਨ ਮੋਰਚਾ ਸਥਾਨ ਤੇ ਪੁਜੇ ਹਨ।
ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਪੰਜਵਾਂ ਤਖਤ, ਬਾਬਾ ਗੱਜਣ ਸਿੰਘ ਜਥੇਦਾਰ ਮਿਸਲ ਸਹੀਦਾਂ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਮਿਸਲ ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਉਚੇਚੇ ਤੌਰ ਤੇ ਦਿਲੀ ਸਿੰਘੂ ਬਾਰਡਰ ਤੇ ਪੁਜੇ। ਕਿਸਾਨ ਸੰਘਰਸ਼ ਮੋਰਚੇ ਦੇ ਮੰਚ ਤੋਂ ਆਪਣੇ ਸੰਬੋਧਨ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਰਾਹ ਤੋਂ ਕੁਰਾਹੈ ਪੈ ਰਹੀ ਹੈ ਅਤੇ ਆਪਣੀ ਹੀ ਜਨਤਾ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਆਵਾਮ ਵਿਰੋਧੀ ਕਾਨੂੰਨ ਹਮੇਸ਼ਾਂ ਹੀ ਬਦਅਮਨੀ, ਦੇਸ਼ ਨੂੰ ਪਿਛਾਹ ਖਿਚੂ ਸਾਬਤ ਹੋਏ ਹਨ। ਸਰਕਾਰਾਂ ਦੀਆਂ ਜਬਰੀ ਮਨਮਰਜੀਆਂ ਨਹੀਂ ਚਲ ਸਕਦੀਆਂ। ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਸਰਕਾਰ ਅਜਿਹੇ ਕਾਨੂੰਨ ਨਾ ਘੜੇ ਜਿਨ੍ਹਾਂ ਵਿਰੁੱਧ ਜਨਤਾ ਨੂੰ ਨਾਫੁਰਮਾਨੀ ਵਰਗੀਆਂ ਲਹਿਰਾਂ ਖੜੀਆਂ ਕਰਨੀਆਂ ਪੈਣ। ਉਨ੍ਹਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅੰਦੋਲਨ ਸਹੀ ਸੇਧ ਵੱਲ ਜਾ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਦੀ ਦੂਰ ਅੰਦੇਸ਼ੀ ਵਾਲੀ ਵਧੀਆਂ ਭੂਮਿਕਾ ਹੈ। ਅਜਿਹੇ ਸੰਘਰਸ਼ਾਂ ਵਿਚੋਂ ਚੰਗੀ ਲੀਡਰਸ਼ਿਪ ਦੇ ਆਸਾਰ ਵੀ ਪੈਦਾ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਕੋਈ ਅਜਿਹਾ ਕੰਮ ਨਾ ਕਰੇ ਜਿਸ ਨਾਲ ਹੱਥ ਨਾਲ ਦਿੱਤੀਆਂ ਮੂੰਹ ਨਾਲ ਖਾਣੀਆਂ ਪੈਣ। ਉਨ੍ਹਾਂ ਕਿਸਾਨ ਸੰਘਰਸ਼ ਮੋਰਚਾ ਫੰਡ ਲਈ ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਪੰਜ ਸੌ ਕੰਬਲ ਅਤੇ ਦੋ ਕੁਵਿਟਲ ਸੁਕੇ ਮੇਵੇ ਬਦਾਮ ਭੇਂਟ ਕੀਤੇ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿਤਾ।
ਬਾਬਾ ਬਿਧੀ ਚੰਦ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਸਵਾ ਲਖ ਰੁਪਏ ਅਤੇ ਬਾਬਾ ਗੱਜਣ ਸਿੰਘ ਨੇ 51 ਹਜ਼ਾਰ ਰੁਪਏ ਮੋਰਚਾ ਫੰਡ ਲਈ ਕਿਸਾਨਾਂ ਨੂੰ ਦਿੱਤੇ। ਇਸ ਸਮੇਂ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ, ਦਿਲਜੀਤ ਸਿੰਘ ਬੇਦੀ ਸਕੱਤਰ, ਬਾਬਾ ਰਣਜੋਧ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਸੁਖਵਿੰਦਰ ਸਿੰਘ ਮੋਰ, ਸੰਤ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਗੁਰਸ਼ੇਰ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨ, ਬਾਬਾ ਹਰਪ੍ਰੀਤ ਸਿੰਘ ਹੈਪੀ, ਗਿ: ਝੰਡੇਰ ਸਿੰਘ, ਗਿ: ਭੁਪਿੰਦਰ ਸਿੰਘ, ਬਾਬਾ ਛੀਨਾ ਸਿੰਘ, ਗਿ: ਨਿਹਾਲ ਸਿੰਘ, ਬਾਬਾ ਜੋਗਿੰਦਰ ਸਿੰਘ ਬਰੇਟਾ, ਬਾਬਾ ਸੁੱਖਾ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਲਛਮਣ ਸਿੰਘ, ਭੁਜੰਗੀ ਨਰਿੰਦਰ ਸਿੰਘ, ਗੁਰਮੁਖ ਸਿੰਘ, ਗੁਰਵੀਰ ਸਿੰਘ ਗੁਰੀ ਆਦਿ ਹਾਜ਼ਰ ਸਨ।