ਅਸ਼ੋਕ ਵਰਮਾ
ਮਾਨਸਾ, 29 ਦਸੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪ੍ਰੀਵਾਰਾਂ ਨੂੰ ਮੁਅਵਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਅੱਗੇ ਅਣ-ਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਧਰਨੇ ’ਚ ਵੱਡੀ ਗਿਣਤੀ ਕਿਸਾਨ , ਮਜਦੂਰ ਅਤੇ ਔਰਤਾਂ ਸ਼ਾਮਲ ਹੋਈਆਂ ਜਿਹਨਾਂ ਰੋਹ ਭਰੇ ਨਾਅਰਿਆਂ ਨਾਲ ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ 10 ਲੱਖ ਰੁਪਏ ਮੁਆਵਜਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜਾ ਖਤਮ ਕਰਨ ਦੀ ਮੰਗ ਕੀਤੀ। ੳਹੁਨਾਂ ਕਿਹਾ ਕਿ ਦਰਸ਼ਨ ਸਿੰਘ ਦੋਦੜਾ ਦੀ ਟਰਾਲੀ ਤੋਂ ਡਿੱਗਣ ਕਾਰਨ ਰੀੜੱ ਦੀ ਹੱਡੀ ਤੇ ਸੱਟ ਲੱਗ ਗਈ ਸੀ ਜਿਸ ਨੂੰ ਇਲਾਜ ਲਈ ਫਰੀਦਕੋਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਦਰਸ਼ਨ ਸਿੰਘ ਦੀ ਲੰਘੀ 24 ਦਸੰਬਰ ਨੂੰ ਮੌਤ ਹੋ ਗਈ ਹੈ ਪਰ ਅਜੇ ਤੱਕ ਸਰਕਾਰ ਨੇ ਪਰਿਵਾਰ ਮੁਆਵਜਾ ਨਹੀਂ ਦਿੱਤਾ।
ਇਸੇ ਤਰਾਂ ਗੁਰਜੰਟ ਸਿੰਘ ਬੱਛੂਆਣਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇ ਕਿ ਸਰਕਾਰ ਚੁੱਪ ਕਰ ਗਈ ਹੈ ਜਦੋਂਕਿ ਸਹਿਮਤੀ 10 ਲੱਖ ਰੁਪਏ ਦੀ ਹੋਈ ਸੀ। ਉਹਨਾਂ ਦੱਸਿਆ ਕਿ ਮਾਤਾ ਤੇਜ ਕੌਰ ਬਰੇ ਸਬੰਧੀ ਹੋਇਆ ਸਮਝੌਤਾ ਵੀ ਪੂਰੀ ਤਰਾਂ ਲਾਗੂ ਨਹੀਂ ਕੀਤਾ ਹੈ। ਇਸੇ ਤਰਾਂ ਤੇਜਿੰਦਰ ਸਿੰਘ ਫੱਤਾ ਮਾਲੋਕਾ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ। ਕਿਸਾਨ ਆਗੂ ਨੇ ਦੱਸਿਆ ਕਿ ਇਹ ਮੰਗਾਂ ਮੰਨਣ ਤੱਕ ਡੀ.ਸੀ. ਦਫ਼ਤਰ ਅੱਗੇ ਧਰਨਾ ਦਿਨ ਅਤੇ ਰਾਤ ਸਮੇਂ ਜਾਰੀ ਰਹੇਗਾ। ਇਸ ਸਮੇ ਇੰਦਰਜੀਤ ਸਿੰਘ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਮਲਕੀਤ ਸਿੰਘ ਕੋਟਧਰਮੂ, ਲੀਲਾ ਸਿੰਘ ਜਟਾਣਾ, ਜਸਵਿੰਦਰ ਕੌਰ, ਰਾਣੀ ਕੌਰ, ਗੁਰਿੰਦਰ ਸਿੰਘ ਚੱਕ ਭਾਈਕਾ, ਸਤਪਾਲ ਸਿੰਘ ਕੋਟਧਰਮੂ ਅਤੇ ਸਾਧੂ ਸਿੰਘ ਨੇ ਵੀ ਸੰਬੋਧਨ ਕੀਤਾ।