ਬਰਨਾਲਾ, 29 ਦਸੰਬਰ 2020 - ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਲੋਕਾਂ ਵਲੋਂ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਸੀ, ਕਿਉਂਕਿ ਹਰਜੀਤ ਗਰੇਵਾਲ ਦਾ ਪਿਛੋਕੜ ਧਨੌਲਾ ਨਾਲ ਸਬੰਧਤ ਹੈ। ਜਿਸਤੋਂ ਬਾਅਦ ਹਰਜੀਤ ਗਰੇਵਾਲ ਵਲੋਂ ਬਾਈਕਾਟ ਕਰਨ ਵਾਲੇ ਧਨੌਲਾ ਦੇ ਲੋਕਾਂ ਅਤੇ ਕਿਸਾਨਾਂ ਨੂੰ ਨਸ਼ੇੜੀ ਅਤੇ ਗੁੰਡੇ ਕਿਹਾ ਗਿਆ ਹੈ। ਜਿਸਦਾ ਆਮ ਆਦਮੀ ਪਾਰਟੀ ਵਲੋਂ ਸਖ਼ਤ ਇਤਰਾਜ਼ ਕਰਦਿਆਂ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਵਲੋਂ ਹਰਜੀਤ ਗਰੇਵਾਲ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਨੌਲਾ ਦੇ ਲੋਕਾਂ ਨੇ ਹਰਜੀਤ ਗਰੇਵਾਲ ਅਤੇ ਭਾਜਪਾ ਦਾ ਬਾਈਕਾਟ ਕੀਤਾ ਹੈ। ਪਰ ਹਰਜੀਤ ਗਰੇਵਾਲ ਵਲੋਂ ਬਾਈਕਾਟ ਕਰਨ ਵਾਲੇ ਧਨੌਲਾ ਦੇ ਲੋਕਾਂ ਅਤੇ ਖਾਸ ਕਰ ਕਿਸਾਨਾਂ ਨੂੰ ਇੱਕ ਚੈਨਲ ’ਤੇ ਨਸ਼ੇੜੀ ਅਤੇ ਗੁੰਡੇ ਕਰਾਰ ਦੇਣਾ ਬੇਹੱਦ ਮੰਦਭਾਗਾ ਹੈ। ਹਰਜੀਤ ਗਰੇਵਾਲ ਨੂੰ ਆਪਣੇ ਹੀ ਪਿੰਡ ਦੇ ਲੋਕਾਂ ਲਈ ਅਜਿਹੀ ਭਾਸ਼ਾ ਵਰਤਣੀ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਦੇ ਸਾਰੇ ਲੀਡਰ ਪੰਜਾਬ ਦੇ ਹਨ, ਪੰਜਾਬ ਵਿੱਚ ਵਪਾਰ, ਆੜਤ ਕਰਦੇ ਹਨ। ਪਰ ਪੰਜਾਬੇ ਹਿੱਤਾਂ ਦਾ ਵਿਰੋਧ ਕਰ ਰਹੇ ਹਨ।
ਉਹਨਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਮਾਮਲੇ ਸਬੰਧੀ ਕਿਹਾ ਕਿ ਇਸ ਲੲਂ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਪਣੇ ਹੱਕਾਂ ਦੀ ਪਹਿਰੇਦਾਰੀ ਲਈ ਭਾਜਪਾ ਆਗੂਆਂ ਦੇ ਘਰਾਂ ਅੱਗੇ ਠੰਢ ਵਿੱਚ ਰਾਤਾਂ ਕੱਟ ਰਹੇ ਹਨ, ਜਿਸਨੂੰ ਦੇਖਦਿਆਂ ਭਾਜਪਾ ਆਗੂਆਂ ਨੂੰ ਆਪਣੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਉੁਹਨਾਂ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਭਾਜਪਾ ਵਲੋਂ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਸਾਨ ਜੱਥੇਬੰਦੀਆਂ ਦੀ ਸੂਝਬੂਝ ਨਾਲ ਇਹ ਸੰਘਰਸ਼ ਅੱਗੇ ਵਧ ਰਿਹਾ ਹੈ।