ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 30 ਦਸੰਬਰ 2020-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਕਿਸਾਨ ਧਰਨਿਆਂ ’ਤੇ ਡਟੇ ਹੋਏ ਹਨ। ਇੱਕ ਪਾਸੇ ਠੰਡ ਤੇ ਦੂਜੇ ਪਾਸੇ ਕੇਂਦਰ ਸਰਕਾਰ ਨਾਲ ਮੱਥਾ ਲਗਾਈ ਬੈਠੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਹੁਣ ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਕਿਸਾਨਾਂ ਨੇ ਦਿੱਲੀ ਬੈਠੇ ਕਿਸਾਨਾਂ ਲਈ ਦੇਸੀ ਘਿਓ ਦੀਆਂ ਪਿੰਨੀਆਂ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਥਾਨਕ ਮਲੋਟ ਰੋਡ ਸਥਿਤ ਨਾਕਾ ਨੰਬਰ 5 ’ਤੇ ਕਾਲਾ ਕੈਟਰਿੰਗ ਵਾਲਾ ਤੇ ਪੱਪੀ ਮਿਸਤਰੀ ਦੇ ਸਹਿਯੋਗ ਨਾਲ ਕਿਸਾਨਾਂ ਵੱਲੋਂ ਲਗਾਤਾਰ ਦੇਸੀ ਘਿਓ ਦੀਆਂ ਪਿੰਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਹੁਣ ਦਿੱਲੀ ਬੈਠੇ ਕਿਸਾਨਾਂ ਲਈ ਭੇਜੀਆਂ ਜਾਣਗੀਆਂ। ਇਸ ਕੰਮ ਵਿੱਚ ਕਿਸਾਨ ਜਰਨੈਲ ਸਿੰਘ ਸੰਧੂ, ਨਵਦੀਪ ਸੇਖ਼ੋਂ, ਗੁਰਨੂਰ ਸੰਧੂ, ਮਨਦੀਪ ਸੰਧੂ ਆਦਿ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੱਥੀ ਤਿਆਰ ਕੀਤੀਆਂ ਦੇਸੀ ਘਿਓ ਦੀਆਂ 5 ਕੁਇੰਟਲ ਪਿੰਨੀਆਂ ਦਿੱਲੀ ਬੈਠੇ ਕਿਸਾਨ ਭਰਾਵਾਂ ਲਈ ਭੇਜੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਕਿਸਾਨ ਭਰਾ ਲਗਾਤਾਰ ਇਸ ਕੰਮ ਵਿੱਚ ਸਹਿਯੋਗ ਕਰ ਰਹੇ ਹਨ ਤਾਂ ਜੋ ਦਿੱਲੀ ਸਰਕਾਰ ਵਿਰੁੱਧ ਕਿਸਾਨ ਹੋਰ ਮਜ਼ਬੂਤ ਹੋ ਸਕਣ। ਕਿਸਾਨਾਂ ਨੇ ਕਿਹਾ ਕਿ ਇਹ ਪਿੰਨੀਆਂ ਟਿੱਕਰੀ ਬਾਰਡਰ ’ਤੇ ਭੇਜੀਆਂ ਜਾਣਗੀਆਂ, ਜੋ ਉਥੇ ਬੈਠੇ ਕਿਸਾਨਾਂ ਲਈ ਹੌਂਸਲਾ ਬਣਨਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾਲ ਵਿੱਚ ਕਿਸਾਨਾਂ ਅੱਗੇ ਝੁਕਣਾ ਪਵੇਗਾ। ਵਰਣਨਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਦਿੱਲੀ ਬਾਰਡਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਹੁਣ ਠੰਡ ਹੋਣ ਕਰਕੇ ਪੰਜਾਬ ਤੋਂ ਲੋਕ ਕਿਸਾਨ ਭਰਾਵਾਂ ਲਈ ਤਰ੍ਹਾਂ-ਤਰ੍ਹਾਂ ਦੇ ਸਹਿਯੋਗ ਕਰਨ ਲੱਗੇ ਹਨ। ਇਸੇ ਮਕਸਦ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ ਦੇਸੀ ਘਿਓ ਦੀਆਂ ਪਿੰਨੀਆਂ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ, ਜੋ ਜਲਦੀ ਹੀ ਦਿੱਲੀ ਬਾਰਡਰਾਂ ਲਈ ਰਵਾਨਾ ਹੋਵੇਗਾ।