ਚੰਡੀਗੜ੍ਹ, 30 ਦਸੰਬਰ 2020 - ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਭੰਨਤੋੜ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ 1600 ਤੋਂ ਵੱਧ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਗਿਆ ਹੈ।
ਉਨ੍ਹਾਂ ਨੇ ਸੰਚਾਰ ਢਾਂਚੇ ਨੂੰ ਹੋਏ ਨੁਕਸਾਨ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਜੋ ਵਪਾਰ, ਵਿੱਦਿਅਕ ਸੰਸਥਾਵਾਂ, ਸਰਕਾਰ ਅਤੇ ਸਮਾਜ ਦੇ ਰੋੋਜ਼ਾਨਾ ਦੇ ਕੰਮਕਾਜ ਲਈ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਇਹ ਮੁਸ਼ਕਿਲ ਦੀ ਘੜੀ ਹੈ ਜਦੋਂ ਆਨਲਾਈਨ ਕਲਾਸਾਂ ਦੁਆਰਾ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਲਈ ਇਹ ਸੰਚਾਰ ਲਾਈਨਾਂ ਬਹੁਤ ਮਹੱਤਵਪੂਰਨ ਹਨ। ਸੰਚਾਰ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਇਨ੍ਹਾਂ ਵਿੱਚ ਵਿਘਨ ਨਾਲ ਨਾ ਸਿਰਫ ਵਿਦਿਆਰਥੀਆਂ ਬਲਕਿ ਸਮੁੱਚੇ ਸਮਾਜ ਅਤੇ ਆਰਥਿਕਤਾ `ਤੇ ਵੱਖ ਵੱਖ ਰੂਪ ਵਿੱਚ ਇਸਦਾ ਪ੍ਰਭਾਵ ਪਵੇਗਾ।ਰਾਜਪਾਲ, ਪੰਜਾਬ ਨੇ ਮਹਿਸੂਸ ਕੀਤਾ ਕਿ ਅਜਿਹੇ ਨੁਕਸਾਨਾਂ ਨੂੰ ਰੋਕਣ ਵਿਚ ਕਾਨੂੰਨ ਲਾਗੂ ਕਰਨ ਏਜੰਸੀਆਂ ਦੀ ਅਸਫਲਤਾ ਰਹੀ ਹੈ।
ਸੂਬੇ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਅੱਜ ਰਾਜਪਾਲ ਨੂੰ ਇੱਕ ਪੱਤਰ ਸੌੌਂਪਿਆ ਗਿਆ ਜਿਸ ਵਿੱਚ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌੌਰਾਨ ਭਾਜਪਾ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਦਰਪੇਸ਼ ਹਿੰਸਾ ਅਤੇ ਰੁਕਾਵਟਾਂ ਅਤੇ ਇਨ੍ਹਾਂ ਨੂੰ ਰੋੋਕਣ ਵਿੱਚ ਕਾਨੂੰਨ ਲਾਗੂ ਕਰਨ ਏਜੰਸੀਆਂ ਦੀ ਅਸਫ਼ਲਤਾ ਬਾਰੇ ਦਰਸਾਇਆ ਗਿਆ।
ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਅਜਿਹੀਆਂ ਭੰਨਤੋੜ ਵਾਲੀਆਂ ਕਾਰਵਾਈਆਂ ਮੁੜ ਵਾਪਰਨ ਤੋਂ ਰੋਕਣ ਅਤੇ ਰਾਜ ਵਿੱਚ ਸੰਚਾਰ ਢਾਂਚੇ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕਣੇੇ ਚਾਹੀਦੇ ਹਨ। ਉਨ੍ਹਾਂ ਨੇ ਇਨ੍ਹਾਂ ਮਾਮਲਿਆਂ `ਤੇ ਰਿਪੋੋਰਟ ਮੰਗਣ ਅਤੇ ਆਪਣੀ ਗੰਭੀਰ ਚਿੰਤਾ ਜ਼ਾਹਰ ਕਰਨ ਲਈ ਸੀ.ਐਸ. ਅਤੇ ਡੀਜੀਪੀ ਨੂੰ ਰਾਜ ਭਵਨ ਵਿਖੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ।