ਕੈਨੇਡਾ : ਕਿਸਾਨਾਂ ਦੀ ਹਮਾਇਤ ਵਿਚ ਭਾਰਤੀ ਕੌਂਸਲੇਟ ਦੇ ਬਾਹਰ ਰੋਸ ਮਾਰਚ ,ਸੈਂਕੜੇ ਲੋਕ ਹੋਏ ਸ਼ਾਮਲ
ਹਰਦਮ ਮਾਨ
ਵੈਨਕੂਵਰ 30 ਦਸੰਬਰ 2020: ਭਾਰਤ ਵਿੱਚ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਿਸਾਨ-ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਹਰ ਮਹੀਨੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਯੂਨੀਅਨਾਂ ਵੱਲੋਂ ਵਿਸ਼ਵ ਭਰ ਵਿੱਚ ਭਾਰਤੀ ਸਫਾਰਤਖਾਨਿਆਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੇ ਕੌਮਾਂਤਰੀ ਸੱਦੇ ਤੇ ਫੁੱਲ ਚੜ੍ਹਾਉਂਦਿਆਂ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਤਿੰਨੇ ਕਾਨੂੰਨਾਂ ਦੀ ਤੁਰੰਤ ਵਾਪਸੀ ਦੇ ਨਾਲ ਨਾਲ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਈਸਟ ਇੰਡੀਅਨ ਡੀਫੈਂਸ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਦੇ ਸਾਂਝੇ ਸੱਦੇ ਤੇ ਇਸ ਰੋਸ ਪ੍ਰਦਰਸ਼ਨ ਵਿਚ ਇੱਕ ਸੌ ਦੇ ਕਰੀਬ ਇਨਸਾਫ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੌਮੀ ਸਕੱਤਰ ਕਾਮਰੇਡ ਹਰਭਜਨ ਚੀਮਾ ਨੇ ਕਿਹਾ ਕਿ ਭਾਰਤੀ ਕਿਸਾਨੀ ਸੰਘਰਸ਼ ਨੇ ਕੌਮੀ ਅਤੇ ਕੌਮਾਂਤਰੀ ਲੋਕ ਲਹਿਰ ਦਾ ਜਾਮਾ ਪਹਿਨਦਿਆਂ ਵਿਸ਼ਵ ਭਰ ਦੀਆਂ ਲੋਕ ਪੱਖੀ ਲਹਿਰਾਂ ਵਿੱਚ ਇਕ ਨਿਵੇਕਲੀ ਪਹਿਚਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਸਰ ਜ਼ਮੀਨ ਤੇ ਸਾਮਰਾਜਵਾਦ ਵਿਰੁੱਧ 1947 ਤੋਂ ਬਾਅਦ ਉੱਠੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਲਹਿਰ ਹੈ।
ਵਿਸ਼ਵ ਪ੍ਰਸਿੱਧੀ ਹਾਸਲ ਪੰਜਾਬੀ ਵਿਦਵਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਕਿਸਾਨੀ ਲਹਿਰ ਨੇ ਭਾਰਤ ਦੇ ਮਿਹਨਤਕਸ਼ ਲੋਕਾਂ ਦੇ ਮਨਾਂ ਅੰਦਰ ਨਾ ਸਿਰਫ ਨਵੀਆਂ ਉਮੀਦਾਂ ਜਗਾਈਆਂ ਹਨ, ਸਗੋਂ ਇਸ ਨਾਲ ਵਿਸ਼ਵ ਭਰ ਵਿਚ ਚੱਲ ਰਹੀਆਂ ਸਾਮਰਾਜਵਾਦ ਵਿਰੋਧੀ ਲਹਿਰਾਂ ਨੂੰ ਵੀ ਹੁਲਾਰਾ ਮਿਲਿਆ ਹੈ। ਉਨ੍ਹਾਂ ਮੋਦੀ ਅਤੇ ਉਸ ਦੇ ਸੰਘੀ ਲਾਣੇ ਨੂੰ ਚੁਣੌਤੀ ਦਿੱਤੀ ਕਿ ਭਾਰਤ ਇਕ ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਹੈ, ਜਿੱਥੇ ਉਨ੍ਹਾਂ ਦੇ ‘ਰਾਮ ਰਾਜ’ ਦੇ ਸੌੜੇ ਹੱਥਕੰਡੇ ਸਫਲ ਨਹੀਂ ਹੋ ਸਕਦੇ।
ਲਖਵੀਰ ਖੁਣਖੁਣ ਨੇ ਕਿਹਾ ਕਿ ਇਹ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਰਾਹ ਸੁਖਾਲਾ ਕਰਨਗੇ। ਇਨ੍ਹਾਂ ਨਾਲ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਬੇ-ਦਖ਼ਲ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਲਈ ਦਰ ਦਰ ਭਟਕਣ ਲਈ ਮਜ਼ਬੂਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਤਰਕਸ਼ੀਲ ਆਗੂ ਅਵਤਾਰ ਗਿੱਲ ਦੁਆਰਾ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਕਿਸਾਨਾਂ ਉਪਰ ਭਾਰਤ ਸਰਕਾਰ ਵੱਲੋਂ ਕੀਤੇ ਜਬਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਸਾਨੀ ਸੰਘਰਸ਼ ਨੂੰ ਕੈਨੇਡਾ ਵਿੱਚੋਂ ਤਨੋਂ, ਮਨੋਂ ਅਤੇ ਧਨੋਂ ਮੱਦਦ ਦੇਣ ਭਰੋਸਾ ਦੁਆਇਆ।
ਖੇਤੀ ਮਾਹਰ ਡਾ. ਸੁਖਦੇਵ ਸਿੰਘ ਨੇ ਸਰਕਾਰ ਵੱਲੋਂ ਲਿਆਂਦੇ ਇਨ੍ਹਾਂ ਕਾਨੂੰਨਾਂ ਦੇ ਕਿਸਾਨੀ ਤੇ ਪੈਣ ਵਾਲੇ ਖਤਰਨਾਕ ਪ੍ਰਭਾਵਾਂ ਦਾ ਖੁਲਾਸਾ ਕੀਤਾ।
ਇਸ ਮੌਕੇ ਤੇ ਜਗਰੂਪ ਧਾਲੀਵਾਲ, ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਮਿੰਦਰ ਸਵੈਚ ਅਤੇ ਜਸਵਿੰਦਰ ਹੇਅਰ ਨੇ ਅਗਾਂਹਵਧੂ ਕਵਿਤਾਵਾਂ ਨਾਲ ਆਪਣੀ ਹਾਜਰੀ ਲੁਆਈ।