ਨਵੀਂ ਦਿੱਲੀ, 31 ਦਸੰਬਰ 2020 - ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ-ਵਿਰੋਧੀ ਕਾਰਕੁੰਨਾਂ, ਤਰਕਸ਼ੀਲਾਂ, ਮਜ਼ਦੂਰਾਂ, ਸਮਾਜ-ਸੇਵੀਆਂ ਅਤੇ ਔਰਤਾਂ ਦੀਆਂ ਸੱਠ ਜੱਥੇਬੰਦੀਆਂ ਵੱਲੋਂ ਅੱਜ ਪ੍ਰੈੱਸ ਦੇ ਨਾਮ ਇਹ ਸਾਂਝਾ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਦੂਜੀ ਸੰਸਾਰ ਜੰਗ ਸਮੇਂ ਸੁਭਾਸ਼ ਚੰਦਰ ਬੋਸ ਵੱਲੋਂ ਦਿੱਤੇ ਗਏ 'ਦਿੱਲੀ ਚੱਲੋ' ਦੇ ਨਾਹਰੇ ਦੀ ਸਪਿਰਟ ਨੂੰ ਸੁਰਜੀਤ ਕਰਦਿਆਂ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ, ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਖ਼ਿਲਾਫ਼ ਜੱਦੋ-ਜਹਿਦ ਨੂੰ ਸਿਖਰਲਾ ਮੋੜ ਦਿੰਦਿਆਂ, 25 ਨਵੰਬਰ 2020 ਨੂੰ 'ਦਿੱਲੀ ਚੱਲੋ' ਦਾ ਐਲਾਨ ਕੀਤਾ ਗਿਆ ਸੀ।ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ, ਲੱਖਾਂ ਦੀ ਤਾਦਾਦ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਦੇ ਕਾਫ਼ਲੇ 25 ਨਵੰਬਰ ਤੋਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਿਸਾਨਾਂ ਦੇ ਇਹਨਾਂ ਕਾਫ਼ਲਿਆਂ ਨੂੰ ਹੁਣ ਤੱਕ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ, ਉੜੀਸਾ, ਮਹਾਂਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ, ਗੁਜਰਾਤ, ਝਾਰਖੰਡ ਅਤੇ ਉੱਤਰਾਖੰਡ ਦੀਆਂ ਅਨੇਕਾਂ ਕਿਸਾਨ ਜੱਥੇਬੰਦੀਆਂ ਦੀ ਗਹਿਗੱਡਵੀਂ ਸ਼ਮੂਲੀਅਤ ਹਾਸਲ ਹੋ ਚੁੱਕੀ ਹੈ।
ਭਾਰਤ ਦੇ 28 ਦੇ 28 ਸੂਬਿਆਂ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ-ਕਾਫ਼ਲੇ, ਰਾਹਬੰਦੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਚੀਰਦੇ ਹੋਏ ਦਿੱਲੀ ਪਹੁੰਚ ਚੁੱਕੇ ਹਨ, ਅਤੇ ਆਏ ਦਿਨ ਪਹੁੰਚ ਰਹੇ ਹਨ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਅੰਦੋਲਨ ਨੂੰ ਸੰਸਾਰ ਭਰ ਦੀਆਂ ਮਜ਼ਦੂਰ ਜੱਥੇਬੰਦੀਆਂ, ਅਧਿਆਪਕ ਜੱਥੇਬੰਦੀਆਂ, ਵਿਦਿਆਰਥੀ ਜੱਥੇਬੰਦੀਆਂ, ਔਰਤ ਜੱਥੇਬੰਦੀਆਂ, ਤਰਕਸ਼ੀਲ ਜੱਥੇਬੰਦੀਆਂ, ਸਾਹਿਤਕ-ਸੱਭਿਆਚਾਰਕ ਸਭਾਵਾਂ, ਨਾਟ-ਮੰਡਲੀਆਂ, ਪੱਤਰਕਾਰਾਂ, ਬੁੱਧੀਜੀਵੀਆਂ, ਗੀਤਕਾਰਾਂ, ਗਾਇਕਾਂ, ਵਿੱਦਿਆਵੇਤਾਵਾਂ, ਪ੍ਰੋਫ਼ੈਸਰਾਂ, ਡਾਕਟਰਾਂ, ਨਰਸਾਂ, ਵਕੀਲਾਂ, ਖਿਡਾਰੀਆਂ, ਵਿਗਿਆਨੀਆਂ, ਰਿਸਰਚ ਸਕਾਲਰਾਂ, ਕਰਮਚਾਰੀਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਢਾਬਿਆਂ, ਟ੍ਰੇਡ ਯੂਨੀਅਨਾਂ, ਟੈਕਸੀ ਅਤੇ ਆਟੋ ਯੂਨੀਅਨਾਂ, ਟ੍ਰਾਂਸਪੋਰਟ ਯੂਨੀਅਨਾਂ, ਜਮਹੂਰੀ ਅਧਿਕਾਰ ਸੰਸਥਾਵਾਂ ਅਤੇ ਸਮਾਜ-ਸੇਵਕ ਸੰਸਥਾਵਾਂ ਵੱਲੋਂ ਭਰਵੀਂ ਹਮਾਇਤ ਦੇਣ ਦੇ ਐਲਾਨ ਜਾਰੀ ਹੋ ਚੁੱਕੇ ਹਨ ਤੇ ਹੋ ਰਹੇ ਹਨ.
ਪੰਜਾਬ ਦੀ ਨੌਜਵਾਨੀ ਨੇ ਇਹ ਦਰਸਾ ਦਿੱਤਾ ਹੈ ਕਿ ਉਹਨਾਂ ਵਿੱਚ ਗ਼ਦਰ ਲਹਿਰ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ, ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਮੁਹੰਮਦ ਸਿੰਘ ਆਜ਼ਾਦ ਦੀ ਸਪਿਰਟ ਜਿਊਂਦੀ ਜਾਗਦੀ ਹੈ. ਭਾਰਤ ਦੇ ਕੋਨੇ ਕੋਨੇ ਵਿੱਚੋਂ ਗੂੰਜਣ ਲੱਗੇ 'ਕਿਸਾਨ-ਮਜ਼ਦੂਰ ਏਕਤਾ: ਜ਼ਿੰਦਾਬਾਦ' ਦੇ ਨਾਹਰਿਆਂ ਵਿੱਚੋਂ ਪੂਰੇ ਦੇ ਪੂਰੇ ਭਾਰਤ ਦੀ ਜਗਦੀ ਤੇ ਮਘਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ। ਭਾਰਤੀ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ 'ਖੇਤਾਂ ਦੇ ਪੁੱਤ' ਕਿਸਾਨਾਂ ਨੂੰ 'ਧਰਤੀ ਮਾਂ' ਵਾਂਗ ਅਸ਼ੀਰਵਾਦ ਦੇ ਰਹੀ ਹੈ।
ਇਸ ਸਾਂਝੇ ਬਿਆਨ ਰਾਹੀਂ ਅਸੀਂ ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਪਰ ਜਬਰੀ ਠੋਸੇ ਗਏ ਸਾਰੇ ਖੇਤੀ ਕਾਨੂੰਨਾਂ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹੋਏ ਬਿਨਾਂ-ਸ਼ਰਤ ਇਹਨਾਂ ਸਾਰੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ .
1....ਨਿੰਦਣਯੋਗ ਗੱਲਾਂ
* ਭਾਰਤ ਸਰਕਾਰ ਵੱਲੋਂ ਆਪਣੀ ਬਹੁ-ਸੰਮਤੀ ਹੋਣ ਦੇ ਹੈਂਕੜਬਾਜ ਵਤੀਰੇ ਦੀ, ਅਤੇ ਸਮੱਸਿਆ ਦੇ ਹੱਲ ਨੂੰ ਲਮਕਾਉਣ ਦੀ ਟਾਲ਼-ਮਟੋਲ਼ ਵਾਲ਼ੀ ਢੁੱਚਰਬਾਜ਼ ਨੀਤੀ ਦੀ ਪੁਰ-ਜ਼ੋਰ ਨਿੰਦਾ ਕਰਦੇ ਹਾਂ।
* ਭਾਰਤ ਸਰਕਾਰ ਵੱਲੋਂ ਕਿਸਾਨਾਂ ਉੱਤੇ, ਰਾਹਬੰਦੀ ਦੀਆਂ ਸਾਰੀਆਂ ਅੜਚਨਾਂ (ਲਾਠੀ-ਚਾਰਜ, ਅੱਥਰੂ ਗੈਸ ਦੇ ਗੋਲ਼ੇ, ਕੰਡਿਆਲ਼ੀਆਂ ਵਾੜਾਂ, ਪੱਥਰੀਲੇ ਬੈਰੀਕੇਡ, ਪਾਣੀ ਤੋਪਾਂ, ਟੈਂਟ ਉਖਾੜਨੇ, ਸੜਕਾਂ ਪੁੱਟਣੀਆਂ) ਠੋਸਣ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹਾਂ।
* ਭਾਰਤ ਸਰਕਾਰ ਦੇ ਕੰਟਰੋਲ ਵਿੱਚ ਚੱਲ ਰਹੇ 'ਗੋਦੀ ਮੀਡੀਆ' ਵੱਲੋਂ ਕਿਸਾਨ ਅੰਦੋਲਨ ਦੀ ਗ਼ਲਤ ਤਸਵੀਰਕਸ਼ੀ ਕਰਨ ਦਾ ਵਿਰੋਧ ਕਰਦੇ ਹਾਂ.
* ਪੰਜਾਬ ਵਿੱਚਲੀਆਂ ਤਿੰਨੇ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ, ਠੋਸ ਐਲਾਨ ਨਾ ਕਰ ਕੇ ਸਿਰਫ਼ ਡੰਗ-ਟਪਾਊ ਬਿਆਨਬਾਜ਼ੀ ਦੀ ਨਿਖੇਧੀ ਕਰਦੇ ਹਾਂ.
* ਕਿਸਾਨ ਮੋਰਚੇ ਨੂੰ ਫਿਰਕੂ ਤੇ ਭੜਕਾਊ ਪੁੱਠ ਦੇਣ ਵਾਲੀਆਂ ਸਾਰੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਨਿੰਦਾ ਕਰਦੇ ਹਾਂ.
2....ਸ਼ਲਾਘਾਯੋਗ ਗੱਲਾਂ
* ਕਿਸਾਨ ਜੱਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ਅਤੇ ਨਿਹਾਇਤ ਹੀ ਅਨੁਸ਼ਾਸਨ-ਬੱਧ ਤਰੀਕੇ ਨਾਲ਼ ਚਲਾਉਣ ਦੀ ਪੁਰ-ਜ਼ੋਰ ਸ਼ਲਾਘਾ ਕਰਦੇ ਹਾਂ।
* ਕਿਸਾਨ ਜੱਥੇਬੰਦੀਆਂ ਵੱਲੋਂ, ਭਾਰਤੀ ਕਿਸਾਨ ਅੰਦੋਲਨ ਨੂੰ ਮੌਕਾਪ੍ਰਸਤ ਰਾਜਨੀਤਕ ਪਾਰਟੀਆਂ; ਧਾਰਮਿਕ ਅਤੇ ਫਿਰਕੂ ਰੁਝਾਨਾਂ ਤੋਂ ਨਿਰਲੇਪ ਰੱਖ ਕੇ, ਇਸ ਅੰਦੋਲਨ ਨੂੰ ਲੋਕ-ਏਕਤਾ ਦਾ ਪ੍ਰਤੀਕ ਬਣਾ ਕੇ ਚਲਾਉਣ ਦੀ ਭਰਪੂਰ ਪ੍ਰਸੰਸਾ ਕਰਦੇ ਹਾਂ।
* ਕਿਸਾਨ-ਮਜ਼ਦੂਰ ਭਾਈਚਾਰੇ ਦੀਆਂ, ਅੰਦੋਲਨਕਾਰੀਆਂ ਲਈ ਅਤੇ ਲੋੜਵੰਦ ਸਰਕਾਰੀ ਅਮਲੇ-ਫੈਲੇ ਵਾਸਤੇ ਦਿਲ-ਖੋਲ੍ਹਵੇਂ ਲੰਗਰ ਲਾਉਣ ਦੀਆਂ ਨਿਰ-ਵਿਤਕਰਾ ਸੇਵਾਵਾਂ, ਦੀ ਭਰਪੂਰ ਪ੍ਰਸੰਸਾ ਕਰਦੇ ਹਾਂ।
* ਅੰਤਰ-ਰਾਸ਼ਟਰੀ ਸੰਸਥਾਵਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਮੈਡੀਕਲ ਸਹਾਇਤਾ, ਰੋਸ ਮੁਜ਼ਾਹਰੇ, ਅਤੇ ਮੀਡੀਆ ਰਿਪੋਰਟਾਂ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਦੀ ਭਰਪੂਰ ਪ੍ਰਸੰਸਾ ਕਰਦੇ ਹਾਂ।
* ਆਗੂ ਜੱਥੇਬੰਦੀਆਂ ਦੁਆਰਾ, ਸਰਕਾਰੀ ਏਜੰਸੀਆਂ ਵੱਲੋਂ ਘੁਸਪੈਠ ਕਰਕੇ ਅੰਦੋਲਨ ਨੂੰ ਗ਼ਲਤ ਦਿਸ਼ਾ ਵਿੱਚ ਭਟਕਾਉਣ ਤੋਂ ਮੁਕਤ ਰੱਖਣ ਦੀ ਭਰਪੂਰ ਸ਼ਲਾਘਾ ਕਰਦੇ ਹਾਂ।
* ਆਗੂ ਜੱਥੇਬੰਦੀਆਂ ਦੇ ਜਾਣੀਆਂ-ਪਛਾਣੀਆਂ ਸਰਕਾਰੂ ਚਾਲਾਂ ਤੋਂ ਚੁਕੰਨੇ ਰਹਿਣ ਦੀ ਰਣਨੀਤੀ ਦੀ ਭਰਪੂਰ ਸ਼ਲਾਘਾ ਕਰਦੇ ਹਾਂ:
ਹੈਂਕੜਬਾਜ ਹਕੂਮਤ 'ਪਾੜੋ ਤੇ ਰਾਜ ਕਰੋ' ਦੀ ਸਿੱਕੇਬੰਦ ਰਾਜਨੀਤੀ ਦੀ ਬੇਰਹਿਮ ਵਰਤੋਂ ਕਰ ਸਕਦੀ ਹੈ; ਕਿਸੇ ਨਾ ਕਿਸੇ ਬਹਾਨੇ ਅੰਦੋਲਨਕਾਰੀਆਂ ਉੱਤੇ ਅੱਤਵਾਦੀ, ਵੱਖਵਾਦੀ, ਫਿਰਕੂ, ਮਾਓਵਾਦੀ, ਨਕਸਲਵਾਦੀ, ਅਤੇ ਦੇਸ਼-ਧ੍ਰੋਹੀ ਹੋਣ ਦੇ ਇਲਜ਼ਾਮ ਲਾ ਕੇ ਕਿਸੇ ਵੀ ਸੂਬੇ (ਵਿਸ਼ੇਸ਼ ਤੌਰ 'ਤੇ ਪੰਜਾਬ) ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ; ਦੇਸ਼ ਨੂੰ ਸੈਨਾ ਜਾਂ ਸੁਰੱਖਿਆ ਬਲਾਂ ਦੇ ਹਵਾਲੇ ਕਰ ਸਕਦੀ ਹੈ; ਘੇਰਾਬੰਦੀ ਕਰਕੇ ਅੰਦੋਲਨਕਾਰੀਆਂ ਦਾ ਘਾਣ ਕਰ ਜਾਂ ਕਰਵਾ ਸਕਦੀ ਹੈ; ਕਿਸਾਨਾਂ ਦੇ ਚਰਿੱਤਰ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਰਚ ਸਕਦੀ ਹੈ; ਝੂਠੇ ਕੇਸ ਮੜ੍ਹ ਸਕਦੀ ਹੈ.
* ਕਿਸਾਨ-ਮਜ਼ਦੂਰ ਏਕਤਾ ਦੇ ਸੰਘਰਸ਼ ਦੀ ਹਮਾਇਤ ਵਿੱਚ, ਭਾਰਤ ਸਰਕਾਰ ਨੂੰ ਰੋਸ ਵਜੋਂ, ਆਪਣੇ ਤਗਮੇ ਅਤੇ ਮਾਣ-ਸਨਮਾਨ ਵਾਪਸ ਕਰਨ ਵਾਲ਼ੇ (ਨੇਤਾਵਾਂ ਅਤੇ ਰਾਜਸੀ ਪ੍ਰਸ਼ਾਸਨ ਨਾਲ ਜੁੜੇ ਲੋਕਾਂ ਨੂੰ ਛੱਡਕੇ), ਅਤੇ ਅਹਿਮ ਸਰਕਾਰੀ ਨੌਕਰੀਆਂ ਤੋਂ ਅਸਤੀਫ਼ੇ ਦੇਣ ਵਾਲ਼ੇ ਲੋਕਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ.
* ਸਾਰੀਆਂ ਕਿਸਾਨ ਜੱਥੇਬੰਦੀਆਂ, ਉਹਨਾਂ ਦੇ ਮੋਢੇ ਨਾਲ਼ ਮੋਢਾ ਡਾਹ ਕੇ ਡਟੀਆਂ ਹੋਈਆਂ ਹੋਰ ਜੱਥੇਬੰਦੀਆਂ ਤੇ ਯੂਨੀਅਨਾਂ, ਅਤੇ ਇਹਨਾਂ ਦੀ ਹਮਾਇਤ 'ਚ ਨਿੱਤਰੇ ਜਨ-ਸਧਾਰਨ ਦੀ ਭਰਪੂਰ ਉਪਮਾ ਕਰਦੇ ਹਾਂ.
* ਅਸੀਂ ਆਗੂ ਜੱਥੇਬੰਦੀਆਂ ਦੁਆਰਾ ਕਿਸਾਨਾਂ ਦੇ ਇਸ ਵਿਆਪਕ ਰੋਹ ਨੂੰ ਇੱਕ ਅਨੁਸ਼ਾਸਨ-ਬੱਧ ਭਾਰਤੀ ਜਨ ਅੰਦੋਲਨ ਵਿੱਚ ਤਬਦੀਲ ਕਰਕੇ ਆਪਣੇ ਅੰਦੋਲਨ ਨੂੰ ਜਿੱਤ ਦੀ ਮੰਜ਼ਲ ਤੱਕ ਪਹੁੰਚਾਉਣ ਦੇ ਨਿਰੰਤਰ, ਅਡੋਲ ਅਤੇ ਅਣਥੱਕ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ।
ਵੱਲੋਂ:
1. ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ 2. ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰ੍ਹੀ
3. ਵਤਨੋਂ ਦੂਰ ਆਰਟ ਫਾਊਂਡੇਸ਼ਨ, ਸਰ੍ਹੀ 4. ਸ਼ਬਦ-ਲੋਕ, ਸਰ੍ਹੀ
5. ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ, ਸਰ੍ਹੀ 6. ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ
7. ਗਲੋਬਲ ਪੰਜਾਬ ਫਾਊਂਡੇਸ਼ਨ, ਵੈਨਕੂਵਰ ਚੈਪਟਰ 8. ਈਸਟ ਇੰਡੀਅਨ ਡੀਫੈਂਸ ਕਮੇਟੀ
9. ਪੰਜਾਬ ਸਪੋਰਟਸ ਕਲੱਬ, ਕੈਮਲੂਪਸ 10. ਕੈਮਲੂਪਸ ਫਰੈਂਡਜ਼ ਕਲੱਬ, ਕੈਮਲੂਪਸ
11. ਇੰਡੀਆ ਕਿਸਾਨ:ਇਕ, ਕੈਮਲੂਪਸ 12. ਪ੍ਰੋਗਰੈਸਿਵ ਆਰਟਸ ਕਲੱਬ, ਸਰ੍ਹੀ
13. ਵਤਨ (ਔਨਲਾਈਨ ਪੰਜਾਬੀ ਮੈਗਜ਼ੀਨ) 14. ਵੈਨਕੂਵਰ ਵਿਚਾਰ ਮੰਚ
15. ਦਿਸ਼ਾ (ਕੈਨੇਡੀਅਨ ਪੰਜਾਬੀ ਔਰਤਾਂ ਦੀ ਜੱਥੇਬੰਦੀ), ਟੋਰਾਂਟੋ 16. ਦ ਲਿਟ੍ਰੇਰੀ ਰਿਫ਼ਲੈਕਸ਼ਨਜ਼, ਟੋਰਾਂਟੋ
17. ਮਮਤਾ ਫਾਊਂਡੇਸ਼ਨ ਆਫ਼ ਕੈਨੇਡਾ, ਸਰ੍ਹੀ 18. ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ
19. ਸਿੱਖ ਵਿਰਸਾ ਇੰਟਰਨੈਸ਼ਨਲ (ਮਾਸਿਕ), ਕੈਲਗਰੀ 20. ਕੈਲਗਰੀ ਬੱਸ ਅਪਰੇਟਰਜ਼ ਸੁਸਾਇਟੀ, ਕੈਲਗਰੀ
21. ਅਰਪਨ ਲਿਖਾਰੀ ਸਭਾ, ਕੈਲਗਰੀ 22. ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਆਫ਼ ਬੀ ਸੀ, ਐਬਟਸਫੋਰਡ
23. ਪ੍ਰੋਗਰੈਸਿਵ ਆਰਟਸ ਐਸੋਸੀਏਸ਼ਨ ਆਫ਼ ਅਲਬਰਟਾ, ਐਡਮੰਟਨ 24. ਮੇਪਲ ਲੀਫ਼ ਰਾਈਟਰਜ਼ ਫਾਊਂਡੇਸ਼ਨ ਆਫ਼ ਐਡਮੰਟਨ
25. ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ਼ ਐਡਮੰਟਨ 26. ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਅਲਬਰਟਾ, ਐਡਮੰਟਨ
27. ਪੰਜਾਬੀ ਕਲਚਰਲ ਐਸੋਸੀਏਸ਼ਨ, ਐਡਮੰਟਨ 28. ਕਹਾਣੀ ਵਿਚਾਰ ਮੰਚ, ਟੋਰਾਂਟੋ
29. ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ 30. ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ਼ ਉਂਟਾਰੀਓ, ਟੋਰਾਂਟੋ
31. ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ 32. ਰੇਡੀਓ ਧਮਾਲ, ਵਿਨੀਪੈੱਗ
33. ਗੁਰਸ਼ਰਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ, ਵੈਨਕੂਵਰ 34. ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ
35. ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ), ਸਰ੍ਹੀ 36. ਇੰਡੋ-ਕੈਨੇਡੀਅਨ ਪ੍ਰੋਗਰੈਸਿਵ ਮੰਚ, ਐਬਟਸਫੋਰਡ
37. ਪੰਜਾਬੀ ਸਾਹਿਤ ਸਭਾ ਅਤੇ ਕਲਚਰਲ ਸੁਸਾਇਟੀ ਆਫ਼ ਕੈਲਗਰੀ 38. ਪੰਜਾਬੀ ਲਿਖਾਰੀ ਸਭਾ, ਕੈਲਗਰੀ
39. ਪੰਜਾਬੀ ਸ਼ਬਦ-ਸਾਂਝ, ਕੈਲਗਰੀ 40. ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ, ਕੈਲਗਰੀ
41. ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ, ਕੈਲਗਰੀ 42. ਪੰਜਾਬੀ ਅਖ਼ਬਾਰ, ਕੈਲਗਰੀ
43. ਪ੍ਰੋਗਰੈਸਿਵ ਕਲਾ ਮੰਚ, ਕੈਲਗਰੀ 44. ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਸਭਾ, ਵਿਨੀਪੈੱਗ
45. ਡੈਮੋਕਰੇਸੀ, ਇਕੁਆਲਿਟੀ ਐਂਡ ਸੈਕੁਲਰਿਜਮ ਇਨ ਸਾਉਥ ਏਸ਼ੀਆ, ਵਿਨੀਪੈੱਗ 46. ਸਾਹਿਤ ਵਿਚਾਰ ਮੰਚ, ਵਿਨੀਪੈੱਗ
47. ਨਵ-ਸਵੇਰ (ਮਾਸਿਕ), ਵਿਨੀਪੈੱਗ 48. ਵਾਇਸ ਆਫ਼ ਇੰਡੀਆ ਮੀਡੀਆ ਗਰੁੱਪ, ਵਿਨੀਪੈੱਗ
49. ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰਨੈਸ਼ਨਲ, ਸਰ੍ਹੀ 50. ਰੇਡੀਓ ਆਵਾਜ਼, ਵਿਨੀਪੈੱਗ
51. ਸਰੋਕਾਰਾਂ ਦੀ ਆਵਾਜ਼ (ਮਾਸਿਕ), ਟੋਰਾਂਟੋ 52. ਪੀਪਲਜ਼' ਅਲਟਰਨੇਟ ਮੀਡੀਆ, ਕੈਨੇਡਾ
53. ਕਲਮੀ ਪ੍ਰਵਾਜ਼ ਮੰਚ, ਸਰ੍ਹੀ 54. ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ, ਸਰ੍ਹੀ
55. ਕੈਲਗਰੀ ਸਕੂਲ ਆਫ਼ ਡਰਾਮਾ ਐਂਡ ਆਰਟਸ, ਕੈਲਗਰੀ 56. ਇੰਡੋ-ਕੈਨੇਡੀਅਨ ਕਮਿਓਨਿਟੀ ਐਸੋਸੀਏਸ਼ਨ, ਕੈਲਗਰੀ
57.ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਟੋਰਾਂਟੋ 58. ਨੌਰਥ ਐਮੈਰਿਕਨ ਤਰਕਸ਼ੀਲ ਸੁਸਾਇਟੀ ਉਂਟਾਰੀਓ, ਬਰੈਂਪਟਨ
59. ਇੰਡੋ-ਕੈਨੇਡੀਅਨ ਐਸੋਸੀਏਸ਼ਨ ਆਫ਼ ਇੰਮੀਗਰੈਂਟ ਸੀਨੀਅਰਜ਼, ਕੈਲਗਰੀ 60. ਕੈਨੇਡੀਅਨ ਐਸੋਸੀਏਸ਼ਨ ਫ਼ਾਰ ਹਿਉਮਨ ਰਾਈਟਸ, ਸਰ੍ਹੀ