ਨਵੀਂ ਦਿੱਲੀ, 31 ਦਸੰਬਰ 2020 - ਕੇਰਲਾ ਦੇ ਭਾਜਪਾ ਵਿਧਾਇਕ ਓ. ਰਾਜਾਗੋਪਾਲ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਾਨ ਦੁਆਰਾ ਖੇਤੀ ਕਾਨੂੰਨਾਂ ਵਿਰੁੱਧ ਵਿਧਾਨ ਸਭਾ ਵਿੱਚ ਲਿਆਂਦੇ ਮਤੇ ਦਾ ਸਮਰਥਨ ਕੀਤਾ ਹੈ। ਜਿਸ ਨਾਲ ਕੇਰਲਾ ਦੀ ਰਾਜਨੀਤੀ ਵਿਚ ਮਾਹੌਲ ਗਰਮਾ ਦਿੱਤਾ ਹੈ। ਮੁੱਖ ਮੰਤਰੀ ਦੁਆਰਾ ਲਿਆਂਦਾ ਮਤਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ।
ਵਿਚਾਰ ਵਟਾਂਦਰੇ ਦੌਰਾਨ ਓ. ਰਾਜਾਗੋਪਾਲ ਨੇ ਮਤੇ ਵਿੱਚ ਕੁਝ ਖਾਸ ਹਵਾਲਿਆਂ ‘ਤੇ ਆਪਣਾ ਇਤਰਾਜ਼ ਉਠਾਇਆ।ਹਾਲਾਂਕਿ ਪਹਿਲਾਂ ਉਨ੍ਹਾਂ ਨੇ ਆਮ ਭਾਜਪਾ ਲੀਡਰਾਂ ਵਾਂਗ ਇੰਨ੍ਹਾਂ ਕਾਨੂੰਨਾਂ ਦੇ ਫਾਇਦੇ ਰਟਾਉਂਦਿਆਂ ਗੱਲ ਕੀਤੀ, ਪਰ ਜਦੋਂ ਬਾਅਦ 'ਚ ਵੋਟਿੰਗ ਹੋਈ ਤਾਂ ਉਨ੍ਹਾਂ ਨੇ ਮਤੇ ਖਿਲਾਫ ਕੋਈ ਵੀ ਇਤਰਾਜ਼ ਜ਼ਾਹਰ ਨਾ ਕੀਤਾ।
ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਰਾਜਾਗੋਪਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਨਹੀਂ ਸਗੋਂ ਉਨ੍ਹਾਂ ਦਾ ਨਿੱਜੀ ਸਟੈਂਡ ਹੈ। ਉਨ੍ਹਾਂ ਕਿਹਾ ਕਿ "ਇਹ ਸਮਝੌਤਾ ਲੋਕਤੰਤਰੀ ਪ੍ਰਣਾਲੀ ਦਾ ਹਿੱਸਾ ਹੈ। ਸਾਨੂੰ ਅਟੱਲ ਨਹੀਂ ਹੋਣਾ ਚਾਹੀਦਾ। ਸਾਨੂੰ ਸਹਿਮਤੀ ਨਾਲ ਚੱਲਣਾ ਚਾਹੀਦਾ ਹੈ। ਇਸ ਸਹਿਮਤੀ ਤੋਂ ਪਹਿਲਾਂ, ਮੈਂ ਲੋਕਾਂ ਦੇ ਸਾਹਮਣੇ ਮਤਭੇਦ ਰੱਖਦਾ ਹਾਂ। ਮੈਂ ਇਸ ਮਤੇ ਨਾਲ ਸਹਿਮਤ ਹਾਂ। ਸਾਡੀਆਂ ਦਲੀਲਾਂ ਵਿਚ ਕੁਝ ਮਤਭੇਦ ਹਨ। ਮੈਂ ਉਨ੍ਹਾਂ ਮਤਭੇਦਾਂ ਵੱਲ ਇਸ਼ਾਰਾ ਕੀਤਾ ਹੈ। ਮੈਂ ਮਤੇ ਨਾਲ ਸਹਿਮਤ ਹਾਂ।
ਓ ਰਾਜਾਗੋਪਾਲ ਕੇਰਲ ਵਿਧਾਨ ਸਭਾ ਵਿੱਚ ਭਾਜਪਾ ਦੇ ਪਹਿਲੇ ਅਤੇ ਇਕਲੌਤੇ ਵਿਧਾਇਕ ਹਨ। ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿਚੋਂ ਇਕ, ਉਹ ਵਾਜਪਾਈ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹੇ ਹਨ।