ਅਸ਼ੋਕ ਵਰਮਾ
ਨਵੀਂ ਦਿੱਲੀ,31ਦਸੰਬਰ2020:ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ ਨੇ ਅੱਜ ਟਿੱਕਰੀ ਬਾਰਡਰ ਮੋਰਚੇ ਦੌਰਾਨ ਐਲਾਨ ਕੀਤਾ ਹੈ ਕਿ ਸੰਘਰਸ਼ ਨੂੰ ਹੋਰ ਭਖਾਉਣ ਅਤੇ ਦਾਇਰਾ ਮੋਕਲਾ ਕਰਨ ਲਈ 2 ਮਾਰਚ ਨੂੰ ਹਰਿਆਣਾ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਅੱਜ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸਮੇਂ ਪ੍ਰਦੂਸ਼ਣ ਨਾਲ ਸਬੰਧਤ ਕਾਨੂੰਨ ਚੋਂ ਕਿਸਾਨਾਂ ਤੇ ਪਰਾਲੀ ਨੂੰ ਬਾਹਰ ਰੱਖਣ ਅਤੇ ਬਿਜਲੀ ਸੋਧ ਬਿੱਲ 2020 ‘ਤੇ ਚਰਚਾ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਮੋਟਰਾਂ ਉਤੇ ਮਿਲਦੀ ਸਬਸਿਡੀ ਜਾਰੀ ਰੱਖਣ ਦਾ ਕੀਤਾ ਵਾਅਦਾ ਸੰਘਰਸ਼ ਦੇ ਦਬਾਅ ਦਾ ਸਿੱਟਾ ਹੈ ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੋਈ ਇਸ ਲਈ ਕਿਸਾਨ ਤੇ ਲੋਕ ਮਾਰੂ ਇਹਨਾਂ ਪੰਜੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ।
ਉਹਨਾਂ ਆਖਿਆ ਕਿ ਸਰਕਾਰ ਨਾਲ ਹੋਈ ਗੱਲਬਾਤ ਦੀ ਸੂਬਾ ਕਮੇਟੀ ‘ਚ ਸਮੀਖਿਆ ਕਰਨ ਉਪਰੰਤ ਗੱਲਬਾਤ ਦੇ ਨਾਲ ਨਾਲ ਸੰਘਰਸ਼ ਨੂੰ ਜਾਰੀ ਰੱਖਣ ਦੇ ਫੈਸਲੇ ਤਹਿਤ 2 ਜਨਵਰੀ ਨੂੰ ਇੱਕ ਹਜਾਰ ਟਰੈਕਟਰਾਂ ਦੇ ਉੱਤੇ ਹਰਿਆਣਾ ਦੇ ਪਿੰਡਾਂ ‘ਚ ਮਾਰਚ ਕਰਨ ਦੇ ਸੱਦੇ ਨੂੰ ਪੂਰੇ ਜੋਰ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਉਹਨਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਦੀਆਂ 50 ਫੀਸਦੀ ਮੰਗਾਂ ਮੰਨਣ ਦੇ ਬਿਆਨ ਨੂੰ ਗੁੰਮਰਾਹ ਕੁੰਨ ਤੇ ਝੂਠਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਮੀਟਿੰਗ ਦੌਰਾਨ ਸਰਕਾਰ ਐਮ ਐਸ ਪੀ ਜਾਰੀ ਰੱਖਣ ਦੇ ਲਿਖਤੀ ਭੋਰੋਸੇ ਦੇ ਵਾਅਦੇ ਤਾਂ ਕਰਦੀ ਰਹੀ ਪਰ ਪੂਰੇ ਮੁਲਕ ‘ਚ ਸਭਨਾਂ ਫਸਲਾਂ ‘ਤੇ ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਦੇਣ ਲਈ ਤਿਆਰ ਨਹੀਂ ਹੋਈ।
ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਐਮ ਐਸ ਪੀ ਸਬੰਧੀ ਕਾਨੂੰਨ ਬਣਾਏ ਤੋਂ ਬਿਨਾਂ ਲਿਖਤੀ ਵਾਅਦੇ ਦੀ ਕੋਈ ਵੁੱਕਤ ਨਹੀਂ ਕਿਉਂਕਿ ਇਸਨੂੰ ਜਦੋਂ ਮਰਜੀ ਬਦਲਿਆ ਜਾ ਸਕਦਾ ਹੈ । ਉਹਨਾਂ ਆਖਿਆ ਕਿ ਕਿਸਾਨਾਂ ਦੀ ਮੰਗ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਦੀ ਹੈ ਜੋ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਦਾ ਕਦਮ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਮਿਲਦੀ ਸਬਸਿਡੀ ਦੀ ਵਕਤੀ ਰਾਹਤ ਦੇਣ ਲਈ ਹੀ ਤਿਆਰ ਹੈ ਪਰ ਬਿੱਲ ਰੱਦ ਕਰਨ ਲਈ ਤਿਆਰ ਨਹੀਂ ਜੋ ਕਿਸਾਨਾਂ ਨੂੰ ਮਨਜੂਰ ਨਹੀਂ।
ਉਹਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ 2 ਜਨਵਰੀ ਨੂੰ ਹਰਿਆਣਾ ਦੇ ਪਿੰਡਾਂ ‘ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿੱਚ ਵਧ ਚੜਕੇ ਸ਼ਾਮਲ ਹੋਣ। ਅੱਜ ਦੇ ਇਕੱਠ ਨੂੰ ਪੰਜ ਮੈਂਬਰੀ ਕਿਸਾਨ ਸੰਘਰਸ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਹਰਿਆਣਾ ਦੇ ਕਿਸਾਨ ਆਗੂ ਰਾਜਿੰਦਰ ਸਿੰਘ ਤੇ ਦਿਲਬਾਗ ਸਿੰਘ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ, ਬਰਨਾਲਾ ਜਲਿੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਤੇ ਸੈਨਿਕ ਵੈਲਫੇਅਰ ਸੁਸਾਇਟੀ ਦੇ ਆਗੂ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ।