ਅੰਮ੍ਰਿਤਸਰ, 01 ਜਨਵਰੀ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ ਅਤੇ ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ. ਯੁਵਰਾਜ ਭੁਪਿੰਦਰ ਸਿੰਘ ਅਤੇ ਰਜਨੀਤ ਕੌਰ ਨੂੰ ਸਿਰੋਪਾਓ ਦਿੱਤੇ। ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਿਰਕਤ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਧਰਮ ਅੰਦਰ ਅਰਦਾਸ ਦਾ ਵੱਡਾ ਮਹੱਤਵ ਹੈ ਅਤੇ ਇਸੇ ਤਹਿਤ ਹੀ ਗੁਰੂ ਸਾਹਿਬ ਅੱਗੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇਸ਼ ਦੇ ਲੋਕਾਂ ਦੀ ਹੋਂਦ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਅਤੇ ਦੇਸ਼ ਦਾ ਹਰ ਬਾਸ਼ਿੰਦਾ ਇਸ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਕਾਮਯਾਬੀ ਲਈ ਅਰਦਾਸਾਂ ਕਰ ਰਿਹਾ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਅੜ੍ਹੀ ਛੱਡਣ ਦੀ ਸਲਾਹ ਦਿੰਦਿਆਂ ਕਿਹਾ ਕਿ ਕਿਸੇ ਵੀ ਗਲਤ ਫੈਸਲੇ ਨੂੰ ਪ੍ਰਵਾਨ ਕਰਕੇ ਉਸ ਨੂੰ ਵਾਪਸ ਲੈਣਾ ਗੁਨਾਹ ਨਹੀਂ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਜਦੋਂ ਸੀਤ ਲਹਿਰ ਸਿਖ਼ਰ ’ਤੇ ਹੈ, ਤਾਂ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ’ਤੇ ਬੈਠ ਕੇ ਆਪਣੇ ਹੱਕਾਂ ਲਈ ਲੜ ਰਿਹਾ ਹੈ। ਦੇਸ਼ ਦੀ ਸਰਕਾਰ ਨੂੰ ਇਹ ਮਸਲਾ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਦੇ ਕਿਸਾਨਾਂ ਨਾਲ ਹਰ ਪੱਧਰ ’ਤੇ ਸਹਿਯੋਗੀ ਹੈ ਅਤੇ ਦਿੱਲੀ ਵਿਖੇ ਲੰਗਰ, ਮੈਡੀਕਲ ਸੇਵਾਵਾਂ, ਪਾਖਾਨੇ, ਰਹਿਣ ਲਈ ਵਾਟਰਪਰੂਫ ਟੈਂਟ ਅਤੇ ਬਿਸਤਰੇ ਆਦਿ ਮੁਹੱਈਆ ਕਰਵਾ ਰਹੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਖਮਿੰਦਰ ਸਿੰਘ, ਓ.ਐਸ.ਡੀ. ਡਾ. ਅਮਰੀਕ ਸਿੰਘ, ਡਾ. ਸੁਖਬੀਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਤੇਜਿੰਦਰ ਸਿੰਘ ਪੱਡਾ, ਸ. ਹਰਜਿੰਦਰ ਸਿੰਘ ਕੈਰੋਂਵਾਲ, ਮੈਨੇਜਰ ਸ. ਮੁਖਤਾਰ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦਾ ਸਟਾਫ਼ ਹਾਜ਼ਰ ਸੀ।