ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ 2021-ਤਿੰਨ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਜਿੱਥੇ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਉਥੇ ਹੀ ਪਿੰਡ ਪੱਧਰ ’ਤੇ ਵੀ ਲੋਕ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਅੱਜ ਜ਼ਿਲ੍ਹੇ ਦੇ ਮਲੋਟ ਹਲਕੇ ਦੇ ਪਿੰਡ ਬੱਲਮਗੜ੍ਹ ਵਿਖੇ ਉਸ ਵੇਲੇ ਮਾਹੌਲ ਤਨਾਅਪੂਰਨ ਬਣ ਗਿਆ, ਜਦੋਂ ਇੱਕ ਸਰਕਾਰੀ ਸਕੂਲ ਵਿਖੇ ਸਮਾਗਮ ਦੌਰਾਨ ਪਹੁੰਚੇ ਭਾਜਪਾ ਦੇ ਮੰਡਲ ਪ੍ਰਧਾਨ ਤਰਸੇਮ ਗੋਇਲ ਦਾ ਕਿਸਾਨਾਂ ਨੇ ਵਿਰੋਧ ਕਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਐਸਡੀਐਮ ਸਵਰਨਜੀਤ ਕੌਰ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸੇ ਦੌਰਾਨ ਜਿੱਥੇ ਭਾਜਪਾ ਆਗੂ ਨੇ ਸਮਾਜਸੇਵਾ ਦਾ ਤਰਕ ਦਿੱਤਾ, ਉਥੇ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਆਗੂ ਦਾ ਜਬਰਦਸਤ ਵਿਰੋਧ ਕਰਦਿਆਂ ਨਾਅਰੇਬਾਜ਼ੀ ਜਾਰੀ ਰੱਖੀ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਦੇ ਮੰਡਲ ਅਹੁਦੇਦਾਰ ਹਨ, ਇਸ ਲਈ ਕਿਸਾਨਾਂ ਵਲੋਂ ਭਾਜਪਾ ਦੇ ਕਿਸੇ ਆਗੂ ਨੂੰ ਵੀ ਪਿੰਡ ’ਚ ਨਹੀਂ ਆਉਣ ਦਿੱਤਾ ਜਾਵੇਗਾ। ਇਸੇ ਦੌਰਾਨ ਭਾਜਪਾ ਆਗੂ ਤਰਸੇਮ ਗੋਇਲ ਨੇ ਕਿਹਾ ਕਿ ਉਹ ਸੰਸਥਾ ਕਲੀਨ ਐਂਡ ਗਰੀਨ ਸੁਸਾਇਟੀ ਵੱਲੋਂ ਪਿੰਡ ਦੇ ਸਕੂਲ ਵਿਚ ਖੇਡਾਂ ਦਾ ਸਮਾਨ ਦੇਣ ਲਈ ਆਏ ਹਨ, ਨਾ ਕਿ ਭਾਜਪਾ ਆਗੂ ਵਜੋਂ। ਉਹ ਤਾਂ ਸਕੂਲ ’ਚ ਕਾਪੀਆਂ ਆਦਿ ਵੰਡਣ ਲਈ ਆਏ ਹਨ,ਇਸ ’ਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਭਾਜਪਾ ਨੇ ਖੇਤੀ ਕਾਨੂੰਨ ਬਣਾ ਕੇ ਮਾਰ ਦਿੱਤਾ ਹੈ ਤੇ ਉਹ ਹੁਣ ਭਾਜਪਾ ਆਗੂਆਂ ਨੂੰ ਕਿਸੇ ਵੀ ਹਾਲਤ ਵਿੱਚ ਪਿੰਡ ’ਚ ਨਹੀਂ ਵੜਣ ਦੇਣਗੇ। ਕਿਸਾਨਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਇੰਨ੍ਹਾਂ ਦੀਆਂ ਕਾਪੀਆਂ ਆਸਰੇ ਨਹੀਂ ਬੈਠੇ ਹਨ। ਇਸੇ ਦੌਰਾਨ ਕਿਸਾਨਾਂ ਨੇ ਆਪਣੇ ਜ਼ੋਸ ਦੌਰਾਨ ਭਾਜਪਾ ਆਗੂ ਨੂੰ ਕਈ ਸਮੇਂ ਤੱਕ ਖਰ੍ਹੀਆਂ-ਖ਼ਰ੍ਹੀਆਂ ਸੁਣਾਈਆਂ।