ਚੰਡੀਗੜ੍ਹ, 2 ਜਨਵਰੀ 2021 - ਆਉਂਦੀ 26 ਜਨਵਰੀ ਨੂੰ ਕਿਸਾਨਾਂ ਨੇ ਪੂਰੇ ਭਾਰਤ ਦੇ ਸੂਬਿਆਂ ਤੇ ਖਾਸ ਕਰ ਦਿੱਲੀ 'ਚ ਟਰੈਕਟਰ ਪਰੇਡ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਦਿੱਲੀ ਦੇ ਨਾਲ ਨਾਲ ਉਹ ਸੂਬਿਆਂ ਅੰਦਰ ਵੀ ਟਰੈਕਟਰ ਪਰੇਡ ਕਰਨਗੇ ਅਤੇ ਪੂਰੀ ਦੁਨੀਆ 'ਚ ਕਿਸਾਨਾਂ ਦੀ ਅਵਾਜ਼ ਨੂੰ ਬੁਲੰਦ ਕਰ ਦੇਣਗੇ।
ਕਿਸਾਨ ਆਗੂਆਂ ਨੇ ਪ੍ਰੈੱਸ ਕਲੱਬ ਆਫ ਇੰਡੀਆ 'ਚ ਪਹਿਲੀ ਵਾਰ ਨੈਸ਼ਨਲ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜੇਕਰ 4 ਜਨਵਰੀ ਨੂੰ ਸਰਕਾਰ ਨਾਲ ਉਨ੍ਹਾਂ ਦਾ ਕੋਈ ਨਤੀਜਾ ਨਾ ਨਿੱਕਲਿਆ ਅਤੇ 5 ਜਨਵਰੀ ਨੂੰ ਸੁਪਰੀਮ ਕੋਰਟ 'ਚ ਵੀ ਕੋਈ ਉਨ੍ਹਾਂ ਦੇ ਪੱਖ 'ਚ ਫੈਸਲਾ ਨਾ ਆਇਆ ਤਾਂ ਉਹ 6 ਜਨਵਰੀ ਨੂੰ ਟਰੈਕਟਰ ਪਰੇਡ ਦੀ ਰਹਿਰਸਲ ਕਰਨਗੇ, ਜੋ ਕਿ ਕੇ.ਐਮ.ਪੀ ਰੋਡ 'ਤੇ ਹੋਏਗਾ ਸਿੰਘੂ ਬਾਰਡਰ ਤੋਂ ਸ਼ੁਰੂ ਹੋ ਕੇ। ਕਿਸਾਨ ਆਗੂ ਡਾ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ 26 ਜਨਵਰੀ ਤੱਕ ਕਈ ਅਭਿਆਸੀ ਟਰੈਕਟਰ ਪਰੇਡਾਂ ਕੀਤੀਆਂ ਜਾਣਗੀਆਂ ਤੇ 26 ਨੂੰ ਫਾਈਨਲ ਪਰੇਡ ਦਿੱਲੀ 'ਚ ਟਰੈਕਟਰਾਂ 'ਤੇ ਝੰਡੇ ਲਾ ਕੇ ਕੱਢੀ ਜਾਏਗੀ। ਉਨ੍ਹਾਂ ਕਿਹਾ ਕਿ 25 ਜਨਵਰੀ ਤੱਕ ਦਿੱਲੀ ਦੇ ਆਲੇ ਦੁਆਲੇ ਦੇ ਸਾਰੇ ਸੂਬਿਆਂ ਨੂੰ ਉਹ ਗੁਜ਼ਾਰਿਸ਼ ਕਰਨਗੇ ਕਿ 25 ਤੱਕ ਉਹ ਦਿੱਲੀ ਦੇ ਆਲੇ ਦੁਆਲੇ ਪਹੁੰਚ ਜਾਣ ਤੇ 26 ਨੂੰ ਆਖਰੀ ਰਿਹਰਸਲ ਕੀਤੀ ਜਾਏਗੀ।