ਅਸ਼ੋਕ ਵਰਮਾ
ਬਰਨਾਲਾ,2ਜਨਵਰੀ2021: ਪਾਵਰਕੌਮ ਦੇ ਪੈਨਸ਼ਨਰਾਂ ਨੇ ਕਿਸਾਨ ਜੱਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਸੰਘਰਸ਼ ’ਚ ਕੁੱਦਣ ਦਾ ਐਲਾਨ ਕੀਤਾ ਹੈ। ਇਹਨਾਂ ਸੇਵਾਮੁਕਤ ਮੁਲਾਜਮਾਂ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨਾਂ ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ2020 ਅਤੇ ਪਰਾਲੀ ਆਰਡੀਨੈਂਸ ਆਦਿ ਵਰਗੇ ਲੋਕ ਵਿਰੋਧੀ ਫੈਸਲੇ ਕਾਰਨ ਕਾਰਨ ਉਹਨਾਂ ਦੇ ਮਨਾਂ ’ਚ ਰੋਸ ਪਾਇਆ ਜਾ ਰਿਹਾ ਹੈ । ਇਹਨਾਂ ਸੇਵਾਮੁਕਤ ਮੁਲਾਜਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਜਿੰਦਗੀ ਦਾ ਬੇਹਤਰੀਨ ਹਿੱਸਾ ਪੰਜਾਬ ਨੂੰ ਖੁਸ਼ਹਾਲ ਸੂਬਾ ਬਨਾਉਣ ਲਈ ਨਿਸ਼ਾਵਰ ਕੀਤਾ ਹੈ ਜਿਸ ਦੇ ਇਵਜ਼ ਵਜੋਂ ਕੋਈ ਇਨਾਮ ਦੇਣ ਦੀ ਥਾਂ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਝੋਲੀ ’ਚ ਦੁੱਖ ਪਾ ਰਹੀ ਹੈ। ਇਹ ਪੈਨਸ਼ਨਰ ਹੁਣ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਸੰਘਰਸ਼ ਵਿੱਚ5 ਜਨਵਰੀ ਨੂੰ ਵੱਡੀ ਪੱਧਰ ਤੇ ਸ਼ਮੂਲੀਅਤ ਕਰਨਗੇ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਾਥੀ ਸ਼ਿੰਦਰ ਧੌਲਾ ਨੇ ਦੱਸਿਆਂ ਕਿ ਸਾਥੀ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਸਰਕਲ ਬਰਨਾਲਾ ਦੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਮੀਟਿੰਗ ਨੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮਹਿਸੂਸ ਕੀਤਾ ਕਿ ਕੇਂਦਰ ਸਰਕਾਰ ਪਿਛਲੇ ਸਮੇਂ ਤੋਂ ਜਦ ਤੋਂ ਐਨਡੀਏ ਦੀ ਅਗਵਾਈ ਵਾਲੀ ਹਕੂਮਤ ਨੇ ਸੱਤਾ ਸੰਭਾਲੀ ਹੈ, ਨੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀ ਤਹਿਤ ਆਰਥਿਕ ਸਾਧਾਰਾਂ ਦੈ ਪ੍ਰਕਿਰਿਆ ਤਹਿਤ ਇੱਕ ਤੋਂ ਬਾਅਦ ਇੱਕ ਕਰਕੇ ਮੁਲਾਜਮ ,ਕਿਸਾਨ ,ਕਿਰਤੀ ਅਤੇ ਲੋਕ ਵਿਰੋਧੀ ਫੈਸਲੇ ਲਏ ਹਨ। ਉਹਨਾਂ ਆਖਿਆ ਕਿ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਤਬਦੀਲ ਕਰਕੇ ਉਨਾਂ ਦੇ ਜਥੇਬੰਦ ਹੋਣ ਦਾ ਹੱਕ ਵੀ ਖੋਹ ਲਿਆ ਹੈ ਅਤੇ ਜਨਤਕ ਖੇਤਰ ਦੇ ਅਦਾਰੇ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਹੁਣ ਖੇਤੀ ਅਰਥਚਾਰੇ ਨੂੰ ਬਰਬਾਦ ਕਰਨ ਅਤੇ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕੱਢਣ ਲਈ ਇਹ ਕਾਨੂੰਨ ਲਿਆਂਦੇ ਹਨ ਜਿਸ ਕਰਕੇ ਪੰਜਾਬ ਤੋਂ ਸ਼ੁਰੂ ਹੋਇਆ ਵਿਸ਼ਾਲ ਸਾਂਝਾ ਕਿਸਾਨ ਸੰਘਰਸ਼ ਹੁਣ ਮੁਲਕ ਤੋਂ ਵੀ ਅੱਗੇ ਕੌਮਾਂਤਰੀ ਪੱਧਰ ਤੱਕ ਫੈਲ ਗਿਆ ਹੈ। ਉਹਨਾਂ ਆਖਿਆ ਕਿ ਖੇਤੀ ਵਿਰੋਧੀ ਇਹਨਾਂ ਕਾਨੂੰਨਾਂ ਦਾ ਅਸਰ ਸਮੁੱਚੇ ਤਬਕਿਆਂ ਤੇ ਪਵੇਗਾ ਇਸ ਲਈ ਪਾਵਰਕਾਮ ਦੇ ਪੈਨਸ਼ਨਰ 5 ਜਨਵਰੀ ਨੂੰ ਰੋਸ ਮਾਰਚ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਆਗੂਆਂ ਮੁਰਾਰੀ ਲਾਲ, ਮੇਲਾ ਸਿੰਘ ਕੱਟੂ, ਸੁਖਜੰਟ ਸਿੰਘ ਨੇ ਸਮੂਹ ਪੈਨਸ਼ਨਰ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ।