ਰਜਨੀਸ਼ ਸਰੀਨ
- ਅੰਤਾਂ ਦੀ ਠੰਡ ਵਿਚ ਵੀ ਧਰਨਾਕਾਰੀਆਂ ਦਾ ਰੋਹ ਪ੍ਰਚੰਡ
ਨਵਾਂਸ਼ਹਿਰ 3 ਜਨਵਰੀ 2021 - ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ2020 ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦਾ ਨਵਾਂਸ਼ਹਿਰ ਵਿਖੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਿਹਾ ਦਿਨ ਰਾਤ ਦਾ ਧਰਨਾ 100 ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ ਪਰ ਧਰਨਾਕਾਰੀਆਂ ਦਾ ਜਜ਼ਬਾ ਅਤੇ ਰੋਹ ਪੂਰੀ ਤਰ੍ਹਾਂ ਬਰਕਰਾਰ ਹੈ।ਅੰਤਾਂ ਦੀ ਠੰਡ ਵੀ ਧਰਨਾਕਾਰੀਆਂ ਦੇ ਹੌਸਲੇ ਠੰਡੇ ਨਹੀਂ ਪਾ ਸਕੀ ।ਇਹ ਜਾਬਤਾਬੱਧ ਧਰਨਾ ਕਈ ਤਰ੍ਹਾਂ ਦੀਆਂ ਮਿਸਾਲਾਂ ਪੈਦਾ ਕਰ ਰਿਹਾ ਹੈ।ਇਸ ਧਰਨੇ ਤੋਂ ਪਹਿਲਾਂ ਅੰਬਾਨੀ ਦੇ ਇਸ ਸੁਪਰ ਸਮਾਰਟ ਸਟੋਰ ਦੀ ਰੋਜਾਨਾ ਵਿਕਰੀ 24 ਲੱਖ ਰੁਪਏ ਸੀ ਜੋ ਹੁਣ ਬੰਦ ਹੋ ਚੁੱਕੀ ਹੈ।
ਇਸ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ, ਲੇਖਕ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਸੇਵਾ ਮੁਕਤ,ਮੁਲਾਜ਼ਮ,ਡਾਕਟਰ, ਪ੍ਰਵਾਸੀ ਭਾਰਤੀ,ਮਜਦੂਰ ਜਥੇਬੰਦੀਆਂ, ਆਟੋ ਵਰਕਰ, ਭੱਠਾ ਮਜਦੂਰ,ਪ੍ਰਵਾਸੀ ਮਜਦੂਰ,ਰੇਹੜੀ ਵਰਕਰ,ਟਰੱਕ ਯੂਨੀਅਨ, ਟੈਕਸੀ ਯੂਨੀਅਨਾਂ, ਔਰਤਾਂ,ਬਿਰਧ,ਦਲਿਤ ਜਥੇਬੰਦੀਆਂ ਆਪਣਾ ਆਪਣਾ ਹਿੱਸਾ ਪਾ ਰਹੀਆਂ ਹਨ ।ਗੁਰਦੁਆਰਾ ਟਾਹਲੀ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ, ਗੁਰਦੁਆਰਾ ਸਾਹਿਬ ਬਰਨਾਲਾ ਕਲਾਂ ਅਤੇ ਹੋਰ ਧਾਰਮਿਕ ਸਥਾਨ ਲੰਗਰ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ।
ਇਹ ਧਰਨਾ ਸਥਾਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਅੰਦੋਲਨਕਾਰੀ ਕਿਸਾਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਚੁੱਕਾ ਹੈ,ਜਿਥੋਂ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਜਥੇ ਟਰੈਕਟਰ, ਟਰਾਲੀਆਂ ਅਤੇ ਹੋਰ ਗੱਡੀਆਂ ਉੱਤੇ ਝੰਡੇ -ਮਾਟੋ ਬੰਨਵਾ ਕੇ ਜਾਂਦੇ ਹਨ। ਬਰਾਤਾਂ ਲਈ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਲੈਕੇ ਜਾਣਾਂ ਨਿਵੇਕਲਾ ਵਰਤਾਰਾ ਹੈ।ਇਸ ਧਰਨੇ ਤੇ ਕਵੀ ਦਰਬਾਰ ਹੋ ਚੁੱਕਾ ਹੈ,ਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਵਿਚ ਇਥੋਂ ਸ਼ਹਿਰ ਵਿਚ ਔਰਤਾਂ ਦਾ ਮੁਜਾਹਰਾ ਵੀ ਕੱਢਿਆ ਗਿਆ।ਡਾਕਟਰ ਸਾਹਿਬ ਸਿੰਘ ਵਲੋਂ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ।
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿਚ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਵਾਰਾਂ ਪੇਸ਼ ਕੀਤੀਆਂ।ਮੋਮਬੱਤੀ ਮਾਰਚ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਇਥੋਂ ਰੋਜਾਨਾ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਅਤੇ ਹੋਰ ਲੋਕ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਲਈ ਝੰਡੇ ਅਤੇ ਮਾਟੋਆਂ ਨਾਲ ਗੱਡੀਆਂ ਸਜਾਕੇ ਰਵਾਨਾ ਹੁੰਦੇ ਹਨ ਜਿਹਨਾਂ ਨੂੰ ਇਸ ਧਰਨੇ ਦੇ ਆਗੂ ਉਤਸ਼ਾਹਤ ਕਰਕੇ ਰਵਾਨਾ ਕਰਦੇ ਹਨ ।ਜਿੱਤ ਦੀ ਉਮੀਦ,ਪ੍ਰਚੰਡ ਰੋਹ,ਜਥੇਬੰਦਕ ਵਹਾ ਦਾ ਕੇਂਦਰ ਅਤੇ ਸਹੀ ਅਰਥਾਂ ਵਾਲੇ ਸਾਂਝੇ ਮੋਰਚੇ ਦਾ ਸਵਰੂਪ ਬਣ ਚੁੱਕਾ ਹੈ ਜਿੱਤ ਦਾ ਪ੍ਰਤੀਕ ਇਹ ਧਰਨਾ।