ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਜਨਵਰੀ 2021 - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚੋਂ ਰੋਜ਼ਾਨਾ ਕੁੱਝ ਨਾ ਕੁੱਝ ਭੇਜਿਆ ਜਾ ਰਿਹਾ ਹੈ। ਪਿਛਲੇ ਦਿਨੀਂ ਜਿੱਥੇ ਕਿਸਾਨਾਂ ਵੱਲੋਂ ਦਿੱਲੀ ਬੈਠੇ ਕਿਸਾਨ ਭਰਾਵਾਂ ਲਈ ਦੇਸੀ ਘਿਓ ਦੀਆਂ ਪਿੰਨੀਆਂ ਤਿਆਰ ਕੀਤੀਆਂ ਗਈਆਂ ਸਨ, ਉਥੇ ਹੀ ਹੁਣ ਜ਼ਿਲ੍ਹੇ ਦੇ ਪਿੰਡ ਧੂਲਕੋਟ ਤੋਂ ਕਿਸਾਨਾਂ ਲਈ ਵੇਸਣ ਦੀਆਂ ਪਿੰਨੀਆਂ ਤੇ ਸਰ੍ਹੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਹੈ, ਜੋ ਦਿੱਲੀ ਲਈ ਭੇਜਿਆ ਜਾਵੇਗਾ।
ਜਾਣਕਾਰੀ ਅਨੁਸਾਰ ਨਿਰੋਲ ਸੇਵਾ ਸੰਸਥਾ ਦੀ ਅਗਵਾਈ ਹੇਠ ਕੀਤੇ ਗਏ ਇਸ ਉਪਰਾਲੇ ਦੌਰਾਨ ਕਿਸਾਨ ਬੀਬੀਆਂ ਸਮੇਤ ਮਰਦਾਂ ਵੱਲੋਂ ਲਗਤਾਰ ਵੇਸਣ ਦੀਆਂ ਪਿੰਨੀਆਂ ਤੇ ਸਰ੍ਹੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਹੈ। ਪਿੰਡ ਦੇ ਪੰਚਾਇਤ ਘਰ ਵਿਖੇ ਟੈਂਟ ਲਗਾਕੇ ਜਿੱਥੇ ਸਵੇਰ ਸ਼ਾਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ, ਉਥੇ ਹੀ ਕਿਸਾਨਾਂ ਲਈ ਇਹ ਪਕਵਾਨ ਵੀ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਪਿੰਡ ਦੇ ਲੋਕ ਲਗਾਤਾਰ ਸੇਵਾ ਕਰਨ ਲਈ ਪੁੱਜ ਰਹੇ ਹਨ।
ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਇਹ ਉਦਮ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ 50 ਕੁਇੰਟਲ ਵੇਸਣ ਦੀਆਂ ਪਿੰਨੀਆਂ ਤੇ ਸਰ੍ਹੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ ਹੈ, ਜੋ ਜਲਦੀ ਹੀ ਟਰੱਕ ਰਾਹੀਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।