- ਸੰਤ ਬਾਬਾ ਰਾਮ ਸਿੰਘ ਯਾਦਗਾਰੀ ਲਾਇਬਰੇਰੀ ਸਥਾਪਿਤ ਕੀਤੀ ਜਾਵੇਗੀ
ਬਟਾਲਾ: 3 ਜਨਵਰੀ 2021 - ਸਿੰਘੂ ਬਾਰਡਰ ਤੋਂ ਪਰਤਦਿਆਂ ਮਜ਼ਦੂਰ ਕਿਸਾਨ ਸੰਘਰਸ਼ ਮੋਰਚੇ ਦੀਆਂ ਮੰਗਾਂ ਦੇ ਪੱਖ ਵਿੱਚ ਆਤਮ ਬਲੀਦਾਨ ਕਰਕੇ ਸੰਤ ਬਾਬਾ ਰਾਮ ਸਿੰਘ ਨਾਨਕਸਰ ਜੀ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਤਾਂ ਜੋ ਪੱਥਰ ਚਿੱਤ ਕੇਂਦਰੀ ਹਕੂਮਤ ਦਾ ਹੰਕਾਰ ਟੁੱਟੇ ਅਤੇ ਹੱਕੀ ਮੰਗਾਂ ਪੂਰੀਆਂ ਹੋਣ।
ਸੰਤ ਬਾਬਾ ਰਾਮ ਸਿੰਘ ਨਾਨਕਸਰ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਕੋਟਲਾ ਸ਼ਾਹੀਆ( ਖੰਡ ਮਿੱਲ ਬਟਾਲਾ ਦੇ ਪਿੱਛਵਾੜੇ) ਗੁਰਦਾਸਪੁਰ ਵਿਖੇ ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿ:) ਵੱਲੋਂ ਅੱਜ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੇ ਜੰਮ ਪਲ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦੇਵਿੰਦਰ ਸਿੰਘ ਜੀ ਤੇ ਸ. ਖ਼ੁਸ਼ਕਰਨ ਸਿੰਘ ਹੇਅਰ ਨੇ ਗੁਰਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਪਿੰਡ ਦੇ ਜੰਮ ਪਲ ਤੇ ਪ੍ਰਸਿੱਧ ਕਵੀਸ਼ਰ ਭਾਈ ਕਰਤਾਰ ਸਿੰਘ ਤੇ ਭਾਈ ਤਰਸੇਮ ਸਿੰਘ ਜੀ ਨੇ ਕਵੀਸ਼ਰੀ ਰਾਹੀਂ ਵਿੱਛੜੀ ਰੂਹ ਨੂੰ ਯਾਦ ਕੀਤਾ।
ਆਪਣੇ ਸੰਦੇਸ਼ ਵਿੱਚ ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਮੇਰੇ ਪਿਆਰੇ ਸੱਜਣ ਸਨ ਜਿੰਨ੍ਹਾਂ ਦੀ ਸੰਗਤ 1979-80 ਤੋਂ ਨਾਨਕਸਰ ਵਾਸ ਵੇਲੇ ਤੋਂ ਲਗਾਤਾਰ ਮਾਣੀ। ਉਹ ਗੁਰਬਾਣੀ ਸੰਗੀਤ ਤੇ ਗੁਰਬਾਣੀ ਕਥਾ ਦੇ ਸਿਰਮੌਰ ਪੇਸ਼ਕਾਰ ਸਨ। 1990 ਚ ਨਾਨਕਸਰ ਸੀਂਘੜਾ(ਕਰਨਾਲ) ਜਾਣ ਤੋਂ ਮਗਰੋਂ ਵੀ ਉਹ ਸਾਡੇ ਸੰਪਰਕ ਚ ਰਹੇ। ਉਨ੍ਹਾਂ ਦੇ ਮਨ ਦੀ ਭਾਵਨਾ ਸੀ ਕਿ ਉਹ ਆਪਣੇ ਜੱਦੀ ਪਿੰਡ ਦੇ ਕਮਲਜੀਤ-ਸੁਰਜੀਤ ਸਪੋਰਟਸ ਕੰਪਲੈਕਸ ਵਿੱਚ ਕੀਰਤਨ ਸਮਾਗਮ ਕਰਵਾਉਣਾ ਚਾਹੁੰਦੇ ਸਨ ਪਰ ਉਹ ਇਹ ਸੁਪਨਾ ਪੂਰਾ ਨਾ ਕਰ ਸਕੇ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਕੌਮੀ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਭਾਈ ਰਾਮ ਸਿੰਘ ਨਾਨਕਸਰ ਦੀ ਸਵੈ ਕੁਰਬਾਨੀ ਕਿਸਾਨ ਮਜ਼ਦੂਰ ਸੰਘਰਸ਼ ਦੀ ਜਿੱਤ ਯਕੀਨੀ ਬਣਾਵੇਗੀ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਬਾਜਵਾ ਸ. ਸੁਖਵਿੰਦਰ ਸਿੰਖ ਕਾਹਲੋਂ ਸ਼ੇਰਪੁਰ, ਸ. ਦੇਵਿੰਦਰ ਸਿੰਘ ਕਾਲੇ ਨੰਗਲ ਤੇ ਸ. ਸੁਰਜੀਤ ਸਿੰਘ ਸੋਢੀ ਨੇ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਨੂੰ ਸੰਤ ਅਤੇ ਸੂਰਮੇ ਸਿਪਾਹੀ ਵਜੋਂ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਮਸਲਿਆਂ ਦੀ ਨਵਿਰਤੀ ਲਈ ਜਾਨ ਕੁਰਬਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਧਰਤੀ ਨਾਲ ਵਫ਼ਾ ਪਾਲਣਾ ਹੀ ਅਸਲ ਧਰਮ ਹੁੰਦਾ ਹੈ। ਸੰਤ ਰਾਮ ਸਿੰਘ ਜੀ ਦੇ ਚਚੇਰੇ ਭਰਾ ਸ: ਅਮਰਜੀਤ ਸਿੰਘ ਹੇਅਰ ਨੇ ਵੀ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿ:) ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਤੇ ਜਨਰਲ ਸਕੱਤਰ ਸ. ਨਿਸ਼ਾਨ ਸਿੰਘ ਰੰਧਾਵਾ ਨੇ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਨੇ ਆਤਮ ਕੁਰਬਾਨੀ ਨਾਲ ਕਿਸਾਨ ਮਜ਼ਦੂਰ ਸੰਘਰਸ਼ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਇਆ ਹੈ।ਉਨ੍ਹਾਂ ਯਾਦ ਸਾਡੇ ਮਨਾਂ ਤੇ ਸਦੀਵੀ ਉਕਰੀ ਰਹੇਗੀ। ਗਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਕੁਰਬਾਨੀ ਵਾਲੇ ਸੰਤ ਰਾਮ ਸਿੰਘ ਜੀ ਦੀ ਯਾਦ ਵਿੱਚ ਪਿੰਡ ਦੇ ਕਮਲਜੀਤ-ਸੁਰਜੀਤ ਸਪੋਰਟਸ ਕੰਪਲੈਕਸ ਅੰਦਰ ਲਾਇਬਰੇਰੀ ਸਥਾਪਿਤ ਕੀਤੀ ਜਾਵੇਗੀ।