ਅਸ਼ੋਕ ਵਰਮਾ
ਬਠਿੰਡਾ, 3 ਜਨਵਰੀ 2021 - ਪੰਜਾਬੀ ਸਾਹਿਤ ਸਭਾ ਬਠਿੰਡਾ (ਰਜਿ) ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਸ਼ੁਰੂਆਤ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਸ ਮੌਕੇ ਪਹਿਲੀ ਅਧਿਆਪਕ ਸਵਿਤਰੀ ਬਾਈ ਫੂਲੇ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਗਿਆ।ਰਚਨਾਵਾਂ ਦੇ ਦੌਰ ਦਾ ਆਗਾਜ਼ ਅਮਰਜੀਤ ਸਿੰਘ ਸਿੱਧੂ ਦੇ ਸ਼ੇਅਰ ਨਾਲ ਹੋਇਆ।ਆਗਾਜ਼ਬੀਰ ਬਠਿੰਡਾ ਨੇ ਲੰਮੀ ਕਹਾਣੀ ‘ ਤੇਈਆ ਤਾਪ ‘ ਪੜ੍ਹੀ।ਦਿਲਬਾਗ ਸਿੰਘ ਨੇ ‘ ਖਤਰਾ ‘ ਕਵਿਤਾ ਸੁਣਾਈ।
ਮਨਜੀਤ ਬਠਿੰਡਾ ਨੇ ਗਜਲ “ ਸੂਰਜਾਂ ਕੋਈ ਵੀ ਤੂੰ ਆਕਾਰ ਲੈ।ਸਰਦ ਰੁੱਤਾਂ ਦੀ ਕਦੇ ਕੁਝ ਸਾਰ ਲੈ“ ਪੇਸ਼ ਕੀਤੀ। ਪਿ੍ਰੰਸੀਪਲ ਅਮਰਜੀਤ ਸਿੰਘ ਸਿੱਧੂ ਨੇ ਸਲੀਮ ਕੌਸਰ ਦੀ ਗਜਲ ਸੁਣਾਈ।ਬਲਵਿੰਦਰ ਸਿੰਘ ਭੁੱਲਰ ਨੇ “ਬਲਦੀ ਮਸ਼ਾਲ “ ਕਹਾਣੀ ਪੇਸ਼ ਕੀਤੀ।ਸੇਵਕ ਸਿੰਘ ਸ਼ਮੀਰੀਆ ਨੇ ਵਿਅੰਗ ਬੋਲੀਆਂ ਸੁਣਾਈਆਂ।ਭੋਲਾ ਸਿੰਘ ਸ਼ਮੀਰੀਆ ਦੀ ਕਵਿਤਾ ਦੇ ਬੋਲ “ ਹੁਣ ਅੱਗੇ ਤੋਂ ਦੁੱਲੇ ਦੇ ਵਾਰਿਸ ਦਿੱਲੀ ਦੇ ਵਿੱਚੋਂ ਦੁੱਲੇ ਦੇ ਨਕਸ਼ ਤਰਾਸ਼ਿਆ ਕਰਨਗੇ।“ ਜਸਪਾਲ ਮਾਨਖੇੜਾ ਨੇ “ ਨਵਾਂ ਸਾਲ ਕਿਸਾਨਾਂ ਨਾਲ“ ਕਿਸਾਨ ਸੰਘਰਸ਼ ਸੰਬੰਧੀ ਸਫਰਨਾਮਾ ਸੁਣਾਇਆ ।ਰਣਜੀਤ ਗੌਰਵ ਨੇ ਕਵਿਤਾ ਅਤੇ ਰਣਬੀਰ ਰਾਣਾ ਨੇ ਗਜਲ ਪੜੀ।
ਜਸਪਾਲ ਮਾਨਖੇੜਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਕਾਵਿ ਰਚਨਾਵਾਂ ਸਲਾਹੁਣ ਯੋਗ ਹਨ।ਉਹਨਾਂ ਨੇ ਬਲਵਿੰਦਰ ਸਿੰਘ ਭੁੱਲਰ ਦੀ ਕਹਾਣੀ ਨੂੰ ਕਿਸਾਨ ਸੰਘਰਸ਼ ਦੀ ਬਾਤ ਪਾਉਂਦੀ ਵਧੀਆ ਕਥਾ ਕਿਹਾ ਅਤੇ ਬਿਰਤਾਂਤ ਦੀ ਘਾਟ ਦੀ ਸਲਾਹ ਕਹਾਣੀਕਾਰ ਨੂੰ ਦਿੱਤੀ। ਆਗਾਜ਼ਬੀਰ ਦੀ ਕਹਾਣੀ ਬਾਰੇ ਬੋਲਦਿਆਂ ਮਾਨਖੇੜਾ ਨੇ ਕਿਹਾ ਕਿ ਆਗਾਜ਼ਬੀਰ ਪੰਜਵੀਂ ਪੀੜੀ ਦਾ ਕਥਾਕਾਰ ਹੈ।ਉਸਦੀ ਕਹਾਣੀ ਦਾ ਵਿਸ਼ਾ ਅਛੋਹ ਹੈ ਅਤੇ ਗੁੰਦਵੀ ਕਹਾਣੀ ਹੈ।ਵਿਸ਼ੇ ਦਾ ਨਿਭਾਅ ,ਪਾਤਰਾਂ ਦੀ ਪੇਸ਼ਕਾਰੀ ਅਤੇ ਅੰਤ ਵਧੀਆ ਹੈ।ਉਹਨਾਂ ਨੇ ਵਿਚਾਰ ਪੇਸ਼ ਕੀਤਾ ਕਿ ਜਾਤੀ ਅਤੇ ਜਮਾਤੀ ਪਾੜਾ ਹੋਣ ਕਰਕੇ ਅਸਾਵੇਂ ਪਿਆਰ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਸਕਦਾ ਹੈ। ਲਛਮਣ ਮਲੂਕਾ ਅਤੇ ਜਗਤਾਰ ਸਿੰਘ ਟਿਵਾਣਾ ਨੇ ਵੀ ਰਚਨਾਵਾਂ ਸੰਬੰਧੀ ਵਿਚਾਰ ਸਾਂਝੇ ਕੀਤੇ।ਅੰਤ ਵਿਚ ਪ੍ਰਧਾਨਗੀ ਭਾਸ਼ਣ ਵਿਚ ਜੇ ਸੀ ਪਰਿੰਦਾ ਨੇ ਸਾਰੇ ਲੇਖਕਾਂ ਨੂੰ ਖੂਬਸੂਰਤ ਰਚਨਾਵਾਂ ਲਿਖਕੇ ਕਿਸਾਨੀ ਸੰਘਰਸ਼ ਵਿਚ ਹਿੱਸਾ ਪਾਉਣ ਲਈ ਮੁਬਾਰਕਾਂ ਦਿੱਤੀਆਂ।