ਅਸ਼ੋਕ ਵਰਮਾ
- ਸਾਹਜਪੁਰ ਬਾਰਡਰ ਤੇ ਕਾਫਲੇ ਦਾ ਨਿੱਘਾ ਸਵਾਗਤ
ਨਵੀਂ ਦਿੱਲੀ, 3 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਿਆਣਾ ਦੇ ਪਿੰਡਾਂ ‘ਚ ਸੈਂਕੜੇ ਟਰੈਕਟਰਾਂ ਰਾਹੀਂ ਸ਼ੁਰੂ ਕੀਤੇ ਮਾਰਚ ਨੇ ਹਰਿਆਣਵੀ ਕਿਸਾਨਾਂ ਦੇ ਸੀਨੇ ਚੌੜੇ ਕਰ ਦਿੱਤੇ ਹਨ ਜਿਹਨਾਂ ਅੱਜ ਸਾਹਜਪੁਰ ਬਾਰਡਰ ‘ਤੇ ਪੰਜਾਬ ਦੇ ਕਾਫਲੇ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਤੋਂ ਇਲਾਵਾ ਕੇਰਲਾ ਦੇ ਕਿਸਾਨ ਆਗੂ ਕਿ੍ਸ਼ਨ ਪ੍ਰਕਾਸ਼ ਤੇ ਹਰਿਆਣਾ ਦੇ ਕਿਸਾਨ ਆਗੂ ਦੀਪਕ ਕੁਮਾਰ ਤੇ ਅਮਰਾ ਰਾਮ ਨੇ ਹੱਡ ਚੀਰਵੀਂ ਠੰਢ ਦੇ ਬਾਵਜੂਦ ਦੋ ਦਿਨਾਂ ਲੰਮਾ ਮਾਰਚ ਕਰਕੇ ਸਾਹਜਪੁਰ ਬਾਰਡਰ ਤੇ ਪੁੱਜਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਮੁਲਕ ਦੇ ਕਿਸਾਨਾਂ ਦੀ ਏਕਤਾ ਤੇ ਸੰਘਰਸ਼ ਦੀ ਬਦੌਲਤ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਗੁਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਟਰੈਕਟਰ ਮਾਰਚ ਦੌਰਾਨ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਮਿਲੇ ਹੁੰਗਾਰੇ ਨਾਲ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ । ਉਹਨਾਂ ਐਲਾਨ ਕੀਤਾ ਅੱਜ ਇਹ ਕਾਫਲਾ ਇੱਥੇ ਹੀ ਰਾਤ ਭਰ ਰੁਕਣ ਉਪਰੰਤ ਸੋਮਵਾਰ ਸਵੇਰੇ ਵੱਖ-ਵੱਖ ਪਿੰਡਾਂ ਚ ਮਾਰਚ ਕਰਦਾ ਹੋਇਆ ਟਿੱਕਰੀ ਬਾਰਡਰ ਵੱਲ ਰਵਾਨਾ ਹੋਵੇਗਾ। ਸ੍ਰੀ ਮਾਨ ਆਖਿਆ ਕਿ ਟਰੈਕਟਰ ਮਾਰਚ ਚ ਸਾਮਲ ਕਿਸਾਨ ਕਾਫਲੇ ਵੱਲੋਂ ਬੀਤੀ ਰਾਤ ਰਵਾੜੀ ਟੋਲ ਪਲਾਜੇ ਉੱਪਰ ਰੁਕਣ ਉਪਰੰਤ ਆਲੇ ਦੁਆਲੇ ਪਿੰਡਾਂ ਚੋਂ ਵੱਡੀ ਗਿਣਤੀ ਕਿਸਾਨ ਵੀ ਸਾਮਲ ਹੋਏ ਅਤੇ ਇਸ ਟੋਲ ਪਲਾਜੇ ਨੂੰ ਟੋਲ ਫਰੀ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ।
ਉਹਨਾਂ ਆਖਿਆ ਕਿ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਿੱਥੇ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਏਕਤਾ ਤੇ ਲਾਮਬੰਦੀ ਜਰੂਰੀ ਹੈ ਉਥੇ ਕਿਸਾਨਾਂ ਦੀ ਸੱਜੀ ਬਾਂਹ ਬਣਦੇ ਖੇਤ ਮਜਦੂਰਾਂ ਦੀ ਇਸ ਘੋਲ ਚ ਸਮੂਲੀਅਤ ਵੀ ਅਣਸਰਦੀ ਲੋੜ ਹੈ ਜਿਸ ਖਾਤਰ ਮਜਦੂਰ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਯਤਨ ਜੁਟਾਉਣ ਦੀ ਲੋੜ ਹੈ।ਵਰਨਣਯੋਗ ਹੈ ਕਿ ਅੱਜ ਸਵੇਰੇ ਭਾਰੀ ਠੰਢ ਤੇ ਮੀਂਹ ਚ ਹੀ ਇਹ ਕਾਫਲਾ ਜਦੋਂ ਰਵਾੜੀ ਟੋਲ ਪਲਾਜੇ ਤੋਂ ਚੱਲ ਕੇ ਸ਼ਹਿਰ ਚੋਂ ਗੁਜਰਿਆ ਤਾਂ ਦੁਕਾਨਦਾਰਾਂ ਤੇ ਹੋਰ ਸ਼ਹਿਰੀ ਲੋਕਾਂ ਨੇ ਦੁਕਾਨਾਂ ਤੇ ਮਕਾਨਾਂ ਦੇ ਅੱਗੇ ਖਲੋਕੇ ਜੋਰਦਾਰ ਨਾਅਰਿਆਂ ਰਾਹੀਂ ਕਿਸਾਨ ਕਾਫਲੇ ਦਾ ਸਮਰਥਨ ਕੀਤਾ ।
ਇਸ ਕਾਫਲੇ ਦੇ ਨਾਲ ਚੱਲ ਰਹੇ ਹਰਿਆਣਾ ਦੇ ਕਿਸਾਨ ਆਗੂ ਦਿਲਬਾਗ ਹੁੱਡਾ, ਅਰੁਣ ਗੁਲੀਆ, ਤੇ ਕੁਲਦੀਪ ਸਿੰਘ ਵੱਲੋਂ ਵੀ ਵੱਖ-ਵੱਖ ਪਿੰਡਾਂ ਚ ਮਾਰਚ ਦੇ ਪੁੱਜਣ ਸਮੇਂ ਜੁੜੇ ਇਕੱਠਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਲਾਲਾ ਰੋੜਾ ਦੇ ਸਰਪੰਚ ਅਜੈ ਕੁਮਾਰ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਤੇ ਪੰਚਾਇਤਾਂ ਵੱਲੋਂ ਇਸ ਮਾਰਚ ਦਾ ਪਿੰਡਾਂ ਚ ਆਉਣ ਤੇ ਸਵਾਗਤ ਤੇ ਸਮਰਥਨ ਕਰਦਿਆਂ ਲੰਗਰ ਤੇ ਚਾਹ ਵਗੈਰਾ ਦੇ ਪ੍ਰਬੰਧ ਵੀ ਕੀਤੇ ਗਏ।