ਅਸ਼ੋਕ ਵਰਮਾ
ਮਾਨਸਾ,3 ਜਨਵਰੀ 2021: ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਮਾਨਸਾ ਜਿਲ੍ਹੇ ਨਾਲ ਸਬੰਧਤ ਕਿਸਾਨਾਂ ਦੇ ਪਰਿਵਾਰਾਂ ਨੂੰ ਦਾ ਹਾਲ ਚਾਲ ਜਾਨਣ ਲਈ ਪੁੱਜੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਬੀ ਬਾਦਲ ਵੱਲੋਂ ਅੱਜ ਸੱਤ ਪਿੰਡਾਂ ’ਚ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਹ ਤਿੰਨ ਪਿੰਡਾਂ ਭਾਦੜਾ,ਦੋਦੜਾ ਅਤੇ ਬੋਹਾ ’ਚ ਹੀ ਪੁੰਹਚ ਸਕੇ। ਪਿੰਡ ਭਾਦੜਾ ’ਚ ਲੋਕਾਂ ਨੇ ਉਹਨਾਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਦੋਂ ਕਿ ਬੱਛੋਆਣਾ ’ਚ ਕਾਲੇ ਝੰਡੇ ਲੈਕੇ ਖਲੋਤੇ ਲੋਕਾਂ ਦੇ ਡਰੋਂ ਬੀਬੀ ਬਾਦਲ ਨੂੰ ਰੂਟ ਬਦਲਨਾ ਪਿਆ। ਵਿਰੋਧ ਕਰਨ ਵਾਲਿਆਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੌਂਦਾ ਅਤੇ ਕਾਦੀਆਂ ਗਰੁੱਪ ਨਾਲ ਸਬੰਧਤ ਸਨ।
ਵਿਖਾਵਾਕਾਰੀਆਂ ਦਾ ਕਹਿਣਾ ਸੀ ਕਿ ਅਕਾਲੀ ਦਲ ਬਾਦਲ ਬਿੱਲਾਂ ਦੇ ਮਾਮਲੇ ’ਚ ਪਹਿਲਾਂ ਮੋਦੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਿਹਾ ਜਦੋਂਕਿ ਹੁਣ ਕਿਸਾਨਾਂ ਨਾਲ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਵੀ ਹਰਸਿਮਰਤ ਕੌਰ ਬਾਦਲ ਜਾਂ ਹੋਰ ਅਕਾਲੀ ਆਗੂ ਮਾਨਸਾ ਜ਼ਿਲੇ ਦੇ ਪਿੰਡਾਂ ’ਚ ਆਉਣਗੇ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਸ ਤੋਂ ਪਹਿਲਾ ਪਿੰਡ ਭਾਦੜਾ ਵਿਖੇ ਫੌਤ ਹੋਏ ਕਿਸਾਨ ਨੌਜਵਾਨ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆ ਬੀਬੀ ਬਾਦਲ ਨੇ ਅਕਾਲੀ ਦਲ ਵੱਲੋਂ ਹਰ ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ।
ਉਹਨਾਂ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਦੀਆਂ ਲੋੜਾਂ ਦਾ ਪਤਾ ਲਗਾਇਆ ਜਾਵੇ । ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਕਿਸਾਨੀ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੇ ਬੱਚਿਆ ਦੇ ਦੁੱਖ ਨੂੰ ਸਮਝਦਿਆ ਇੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਪਹਿਲ ਕਰਨ ਇਸ ਮੌਕੇ ਉਹਨਾਂ ਨਾਲ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਡਾ. ਨਿਸਾਨ ਸਿੰਘ, ਪ੍ਰੇਮ ਕੁਮਾਰ ਅਰੋੜਾ, ਸਮਸੇਰ ਸਿੰਘ ਗੁੜੱਦੀ, ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਬਲਵੀਰ ਸਿੰਘ ਬੀਰਾ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਜਸਵੀਰ ਸਿੰਘ ਜੱਸੀ, ਜਸਪਾਲ ਸਿੰਘ ਬੱਤਰਾ ਅਤੇ ਕਰਮਜੀਤ ਸਿੰਘ ਮਾਘੀ ਆਦਿ ਹਾਜਰ ਸਨ।
ਰੋਸ ਵਿਖਾਵੇ ਪਿੱਛੇ ਕਾਂਗਰਸ: ਯੂਥ ਅਕਾਲੀ ਦਲ
ਹਰਸਿਮਰਤ ਕੌਰ ਬਾਦਲ ਦੇ ਵਿਰੋਧ ਮਾਮਲੇ ’ਚ ਯੂਥ ਅਕਾਲੀ ਦਲ ਨੇ ਰੋਸ ਵਿਖਾਵੇ ਪਿੱਛੇ ਕਾਂਗਰਸ ਦਾ ਹੱਥ ਕਰਾਰ ਦਿੱਤਾ ਹੈ। ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਆਖਿਆ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਦੇ ਹੱਕ ਵਿਚ ਡਟਣ ਕਰਕੇ ਸਹਿਮੀ ਕਾਂਗਰਸ ਨੇ ਮਾਨਸਾ ਪੁਲਿਸ ਦੀ ਦੁਰਵਰਤੋਂ ਕਰਦਿਆਂ ਇਹ ਜਾਅਲੀ ਰੋਸ ਪ੍ਰਦਰਸ਼ਨ ਕਰਵਾਇਆ ਹੈ। ਉਹਨਾਂ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਮਾਨਸਾ ਪੁਲਿਸ ਨੇ ਉਹਨਾਂ ਘਰਾਂ ਵਿਚ ਕਾਂਗਰਸੀ ਵਰਕਰ ਠਹਿਰਾਏ ਜਿਹਨਾਂ ਦੇ ਨੇੜਿਓਂ ਬੀਬੀ ਬਾਦਲ ਦਾ ਕਾਫਲਾ ਲੰਘਣਾ ਸੀ । ਉਹਨਾਂ ਕਿਹਾ ਕਿ ਐਸਐਸਪੀ ਨੇ ਆਪਣੇ ਨੰਬਰ ਬਣਾਉਣ ਲਈ ਵਿਖਾਵਾ ਕਰਵਾਇਆ ਹੈ ਜਿਸ ਕਰਕੇ ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਨਹੀਂ ਰੋਕਿਆ ।
ਸਹੀ ਢੰਗ ਨਾਲ ਡਿਊਟੀ ਨਿਭਾਈ : ਐਸਐਸਪੀ
ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਹੈ ਕਿ ਪੁਲਿਸ ਦਾ ਕੰਮ ਅਮਨ ਕਾਨੂੰਨ ਕਾਇਮ ਰੱਖਣਾ ਹੈ ਜਿਸ ਲਈ ਤਾਇਨਾਤ ਪੁਲਿਸ ਨੇ ਅੱਜ ਵੀ ਸਹ ਢੰਗ ਨਾਲ ਡਿਊਟੀ ਨਿਭਾਈ ਹੈ। ਉਹਨਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਨੇ ਕੁੱਝ ਥਾਵਾਂ ’ਤੇ ਆਪਣੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ ਹੈ ਤੇ ਉਹ ਸੁਰੱਖਿਅਤ ਵਾਪਿਸ ਗਏ ਹਨ। ਉਹਨਾਂ ਆਖਿਆ ਕਿ ਪੁਲਿਸ ਦੇ ਆਖਿਆਂ ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਕਰਦਾ ਹੈ।