ਅਸ਼ੋਕ ਵਰਮਾ
ਬਠਿੰਡਾ,4ਜਨਵਰੀ2021: ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ’ਚ ਸੰਘਰਸ਼ ਕਰ ਰਹੇ ਕਿਸਾਨਾਂ ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ,ਹੰਝੂ ਗੈਸ ਦਾਗਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਪੁਲਿਸ ਦੀ ਇਸ ਕਾਰਵਾਈ ਨੂੰ ਲੋਕਤੰਤਰੀ ਹੱਕਾਂ ਤੇ ਡਾਕਾ ਕਰਾਰ ਦਿੱਤਾ ਹੈ। ਸਭਾ ਦੇ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਦਾ ਕਹਿਣਾ ਸੀ ਕਿ ਰਾਜਸਥਾਨ -ਹਰਿਆਣਾ ਦੀ ਹੱਦ ਤੇ ਸਥਿਤ ਸ਼ਾਹਜਹਾਨਪੁਰ ਖੇੜਾ, ਦਿੱਲੀ-ਜੈਪੁਰ ਹਾਈਵੇਜ਼ ਤੇ ਧਾਰੂਹੇੜਾ , ਪੰਜਾਬ ਵਿਚ ਸੰਗਰੂਰ ਅਤੇ ਮੋਗਾ ’ਚ ਅੰਦੋਲਨਕਾਰੀ ਕਿਸਾਨਾਂ ਤੇ ਅਜਿਹੀ ਗੈਰਜਮਹੂਰੀ ਕਰਕੇ ਕਿਸਾਨਾਂ ਖਿਲਾਫ ਦਰਜ ਝੂਠੇ ਕੇਸਾਂ ਅਤੇ ਗਿ੍ਰਫ਼ਤਾਰੀਆਂ ਰਾਹੀਂ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀਆਂ ਹਨ।
ਉਹਨਾਂ ਆਖਿਆ ਕਿ ਇਹ ਲੋਕਾਂ ਦੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਸਵਾਲ ਉਠਾਉਣ ਅਤੇ ਆਪਣੇ ਹਿੱਤਾਂ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਹਮਲਾ ਹੈ ਜਿਸ ਦਾ ਸਮੂਹ ਇਨਸਾਫਪਸੰਦ ਤਾਕਤਾਂ ਨੂੰ ਵਿਰੋਧ ਲਈ ਅੱਗੇ ਆਉਣਾ ਵਕਤ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸਾਨ ਅਤੇ ਆਮ ਲੋਕ ਇਹ ਸਮਝ ਚੁੱਕੇ ਹਨ ਕਿ ਇਹ ਸਾਰੇ ਕਾਨੂੰਨ ਆਮ ਲੋਕਾਂ ਦੇ ਰੁਜ਼ਗਾਰ ਤੇ ਰੋਟੀ ਰੋਜ਼ੀ ਦੇ ਵਸੀਲੇ ਖੋਹ ਕੇ ਕਾਰਪੋਰੇਟ ਸਰਮਾਏਦਾਰਾਂ ਦੇ ਹਵਾਲੇ ਕਰਨ ਲਈ ਲਿਆਂਦੇ ਗਏ ਹਨ । ਉਹਨਾਂ ਆਖਿਆ ਕਿ ਸਰਕਾਰ ਦੀਆਂ ਕਿਸਾਨਾਂ ਦੀ ਤਰੱਕੀ ਦੀਆਂ ਝੂਠੀਆਂ ਯਕੀਨਦਹਾਨੀਆਂ ਉਹਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀਆਂ ਹਨ ਕਿਉਂਕਿ ਇਹਨਾਂ ਦੀ ਅਸਲੀਅਤ ਅਤੇ ਕਾਰਪੋਰੇਟ ਕੇਂਦਰ ਭਿਆਲੀ ਨਸ਼ਰ ਹੋ ਚੁੱਕੀ ਹੈ।
ਉਹਨਾਂ ਜੋਰ ਦੇ ਕੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਮਸਲੇ ਪੂਰੀ ਤਰਾਂ ਹੱਕ ਬਜਾਨਬ ਅਤੇ ਜ਼ਾਇਜ਼ ਹਨ। ਇਸ ਲਈ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਕੇ ਗੱਲਬਾਤ ਰਾਹੀਂ ਸੰਘਰਸ਼ ਨੂੰ ਲਟਕਾ ਕੇ ਖ਼ਤਮ ਕਰਨ ਦੇ ਭਰਮ ਚੋਂ ਨਿੱਕਲਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਦੀ ਆਰ ਐਸ ਐਸ ਭਾਜਪਾ ਸਰਕਾਰ ਸੱਤਾ ਦਾ ਹੰਕਾਰ ਅਤੇ ਤਾਨਾਸ਼ਾਹ ਵਤੀਰਾ ਤਿਆਗ ਕੇ ਤਿੰਨੇ ਹੀ ਕਾਨੂੰਨ ਤੁਰੰਤ ਅਤੇ ਬਿਨਾਂ ਸ਼ਰਤ ਵਾਪਸ ਲਏ, ਕੇਂਦਰ ਸਰਕਾਰ ਦੀ ਸ਼ਹਿ ’ਤੇ ਪੁਲੀਸ ਵਧੀਕੀਆਂ ਦੀ ਜਾਂਚ ਹੋਵੇ, ਕੇਂਦਰ ਸਰਕਾਰ ਕਿਸਾਨ ਸੰਘਰਸ਼ ਵਿਰੁੱਧ ਇਲਜ਼ਾਮਬਾਜ਼ੀ ਬੰਦ ਕਰੇ ਅਤੇ ਗੁੰਮਰਾਹਕੁੰਨ ਕੂੜ-ਪ੍ਰਚਾਰ ਲਈ ਜਨਤਕ ਤੌਰ ’ਤੇ ਮਾਫ਼ੀ ਮੰਗੇ।
ਉਹਨਾਂ ਆਖਿਆ ਕਿ ਇਹਨਾਂ ਫੌਰੀ ਕਦਮਾਂ ਦੇ ਨਾਲ ਮੁਲਕ ’ਚ ਜਿੱਥੇ ਵੀ ਕਿਸਾਨਾਂ ਅਤੇ ਹੋਰ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਗਏ ਹਨ ਉਹ ਤੁਰੰਤ ਵਾਪਿਸ ਲਏ ਜਾਣ। ਉਹਨਾਂ ਨੇ ਦੇਸ਼ ਦੇ ਬੁੱਧੀਜੀਵੀਆਂ ਸਮੇਤ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਮੌਜੂਦਾ ਸਰਕਾਰ ਦੇ ਕਾਰਪੋਰੇਟ ਹਿਤੈਸ਼ੀ ਏਜੰਡੇ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਬਾਰੇ ਵਿਸ਼ਾਲ ਜਾਗਰਿਤੀ ਮੁਹਿੰਮ ਚਲਾਉਣ ਦੇ ਨਾਲ-ਨਾਲ ਨਾਗਰਿਕਾਂ ਦੇ ਸੰਵਿਧਾਨਕ ਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਜ਼ੋਰਦਾਰ ਆਵਾਜ਼ ਉਠਾਉਣ ਵਾਸਤੇ ਆਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।