ਅਸ਼ੋਕ ਵਰਮਾ
ਮਾਨਸਾ, 4 ਜਨਵਰੀ 2021 : ਮਾਨਸਾ ਦੇ ਪਿੰਡ ਤਲਵੰਡੀ ਆਕਲੀਆ ਦੇ ਲੋਕਾਂ ਨੇ ਆਪਸੀ ਸਹਿਯੋਗ ਨਾਲ ਦਿੱਲੀ ਦੇ ਸਿੰਘੂ ਮੋਰਚੇ ’ਚ ਡਟੇ ਕਿਸਾਨਾਂ ਲਈ ਖੋਆ ਅਤੇ ਗਜ਼ਰੇਲਾ ਭੇਜਿਆ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ’ਚ ਜਦੋਂ ਬਾਰਡਰਾਂ ’ਤੇ ਡਟੇ ਕਿਸਾਨ ਕੇਂਦਰ ਖਿਲਾਫ਼ ਨਾਅਰੇ ਮਾਰ ਰਹੇ ਸਨ ਤਾਂ ਤਲਵੰਡੀ ਆਕਲੀਆਂ ’ਚ ਲੋਕਾਂ ਨੇ ਹੱਲਾਸ਼ੇਰੀ ਦੇਣ ਲਈ ਖੋਆ ਮਾਰਨਾ ਸ਼ੁਰੂ ਕਰ ਦਿੱਤਾ । ਕੜਾਕੇ ਦੀ ਠੰਢ ਤੇ ਖਰਾਬ ਮੌਸਮ ਦੇ ਬਾਵਜ਼ੂਦ ਖੋਆ ਤੇ ਗਜ਼ਰੇਲਾ ਤਿਆਰ ਕਰਨ ਉਪਰੰਤ ਕੈਂਟਰ ਰਾਹੀਂ ਚੜ੍ਹਦੀ ਕਲਾ ਦੇ ਪ੍ਰਤੀਕ ਜੈਕਾਰਿਆਂ ਅਤੇ ਮੋਦੀ ਸਰਕਾਰ ਖਿਲਾਫ ਨਾਅਰਿਆਂ ਦੀ ਗੂੰਜ ’ਚ ਦਿੱਲੀ ਅੰਦੋਲਨ ’ਚ ਪੁੱਜਦਾ ਕਰ ਦਿੱਤਾ ਗਿਆ ਹੈ।
ਵੇਰਵਿਆਂ ਮੁਤਾਬਿਕ ਪਿੰਡ ਤਲਵੰਡੀ ਅਕਲੀਆ ’ਚ ਪੰਜਾਬ ਕਿਸਾਨ ਯੂਨੀਅਨ ਦੀ ਇਕਾਈ ਖੇਤੀ ਬਿੱਲਾਂ ਦੀ ਵਾਪਸੀ ਲਈ ਸ਼ੁਰੂ ਹੋਏ ਅੰਦੋਲਨ ’ਚ ਪਹਿਲੇ ਦਿਨ ਤੋਂ ਭਰਪੂਰ ਯੋਗਦਾਨ ਪਾ ਰਹੀ ਹੈ। ਇਸੇ ਯੋਗਦਾਨ ਦਹਿਤ ਪਿੰਡ ਵਾਸੀਆਂ ਨੇ ਆਪਸੀ ਸਲਾਹ ਕੀਤੀ ਕਿ ਦਿੱਲੀ ਅੰਦੋਲਨ ’ਚ ਬੈਠੇ ਕਿਸਾਨਾਂ ਲਈ ਖੋਆ ਤੇ ਗਜ਼ਰੇਲਾ ਤਿਆਰ ਕਰਕੇ ਲਿਜਾਇਆ ਜਾਵੇ। ਗੱਲ ਸਿਰੇ ਚੜ੍ਹੀ ਤਾਂ ਦੋਧੀਆਂ ਨੇ ਡੇਅਰੀਆਂ ਬੰਦ ਕਰ ਲਈਆਂ ਤਾਂ ਜੋ ਡੇਅਰੀਆਂ ਦੀ ਥਾਂ ਦੁੱਧ ਖੋਏ ਲਈ ਇਕੱਠਾ ਹੋਵੇ। ਲੋਕ ਸੰਘਰਸ਼ ਦਾ ਹੀ ਨਤੀਜ਼ਾ ਹੈ ਕਿ ਹਲਵਾਈਆਂ ਨੇ ਇਸ ਕੰਮ ਲਈ ਕੋਈ ਪੈਸਾ ਨਹੀਂ ਲਿਆ। ਪਲਾਂ ’ਚ ਕੜਾਹੀਆਂ ਚਾੜ੍ਹ ਦਿੱਤੀਆਂ। ਛੋਟੇ-ਛੋਟੇ ਬੱਚੇ, ਬਜ਼ੁਰਗ ਹਰ ਉਮਰ ਵਰਗ ਦੇ ਪਿੰਡ ਵਾਸੀ ਆਪੋ-ਆਪਣੇ ਘਰੇਲੂ ਹਾਲਾਤ ਮੁਤਾਬਿਕ ਦੁੱਧ ਲੈ ਕੇ ਆਏ ।
ਕੋਈ ਗਾਜ਼ਰਾਂ ਕੱਦੂ ਕਸ ਕਰਦਾ ਦਿਖਾਈ ਦਿੱਤਾ ਤੇ ਕਿਸੇ ਨੇ ਕੰਮ ਕਰਨ ਵਾਲਿਆਂ ਨੂੰ ਥਕਾਨ ਮਹਿਸੂਸ ਨਾਂ ਹੋਵੇ ਚਾਹ ਦੀ ਸੇਵਾ ਲਈ ਕੇਤਲੀ ਘੁਮਾਈ। ਪਿੰਡ ਦੇ ਬਜ਼ੁਰਗ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲੱਗੇ ‘ਮੁੰਡਿਓ, ਧਿਆਨ ਨਾਲ ਕਿਸੇ ਗੱਲ ਦੀ ਕੋਈ ਕੱਚ ਨਾ ਰਹੇ । ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਦੀਪ ਸਿੰਘ ਕਾਲੀ ਨੇ ਦੱਸਿਆ ਕਿ ਸਰਕਾਰ ਖਿਲਾਫ਼ ਉਬਾਲ ਤੇ ਬਜ਼ੁਰਗਾਂ ਦੇ ਮਿਲੇ ਥਾਪੜੇ ਮਗਰੋਂ ਨੌਜਵਾਨਾਂ ਨੇ 17 ਕੁਇੰਟਲ ਦੁੱਧ ਤੇ 4 ਕੁਇੰਟਲ ਗਾਜਰਾਂ ਦਾ ਖੋਆ ਤੇ ਗਜਰੇਲਾ ਤਿਆਰ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਸੇਵਾਦਾਰਾਂ ਅਤੇ ਪਿੰਡ ਵਾਸੀਆਂ ’ਚ ਉਤਸ਼ਾਹ ਦੇਖਣ ਯੋਗ ਸੀ ਜੋ ਕੇਂਦਰ ਨੂੰ ਕਾਲੇ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕਰੇਗਾ।
ਯੂਨੀਅਨ ਦੇ ਮੀਤ ਪ੍ਰਧਾਨ ਗੋਰਾ ਸਿੰਘ ਮੈਂਬਰ , ਜ਼ਿਲ੍ਹਾ ਆਗੂ ਪੰਜਾਬ ਸਿੰਘ ਤੇ ਜਸਵੀਰ ਸਿੰਘ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ। ਉਹਨਾਂ ਕਿਹਾ ਕਿ ਕੜਾਕੇ ਦੀ ਠੰਢ ਜਾਂ ਮੌਸਮ ਦੀ ਖਰਾਬੀ ਕਿਸਾਨ ਪਹਿਲੀ ਵਾਰ ਨਹੀਂ ਕਿਸਾਨ ਤਾਂ ਅਜਿਹੇ ਝੱਖੜ ਝੋਲਿਆਂ ਨੂੰ ਆਪਣੇ ਪਿੰਡੇ ਤੇ ਹੰਢਾਉਂਦੇ ਆ ਰਹੇ ਹਨ। ਉਹਨਾਂ ਆਖਿਆ ਕਿ ਸੰਘਰਸ਼ ਜਿੰਨਾਂ ਮਰਜੀ ਲੰਬਾ ਚੱਲੇ ਸੰਘਰਸ਼ ਵਾਲੀ ਥਾਂ ’ਤੇ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸੇ ਜੋਸ਼ ਨਾਲ ਕੇਂਦਰ ਖਿਲਾਫ਼ ਮੋਰਚਾ ਬਿੱਲਾਂ ਦੀ ਵਾਪਸੀ ਤੱਕ ਲੱਗਿਆ ਰਹੇਗਾ। ਉਹਨਾਂ ਸਮੂਹ ਪੰਜਾਬੀਆਂ ਨੂੰ ਮੋਦੀ ਸਰਕਾਰ ਖਿਲਾਫ ਜੰਗ ਜਾਰੀ ਰੱਖਣ ਦਾ ਸੱਦਾ ਵੀ ਦਿੱਤਾ।