ਨਵੀਂ ਦਿੱਲੀ, 4 ਦਸੰਬਰ 2020 - ਕੇਂਦਰ ਦੀ ਕਿਸਾਨਾਂ ਨਾਲ 7ਵੇਂ ਗੇੜ ਦੀ ਮੀਟਿੰਗ 'ਚ ਅਜੇ ਵੀ ਕੋਈ ਸਿੱਟਾ ਨਿੱਕਲਦਾ ਨਜ਼ਰ ਨੀ ਆ ਰਿਹਾ। ਪਹਿਲੇ ਗੇੜ ਦੀ ਗੱਲਬਾਤ ਖਤਮ ਹੋ ਗਈ ਹੈ ਤੇ ਲੰਚ ਬ੍ਰੇਕ ਹੋਈ ਹੈ। ਇਸੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਮੀਟਿੰਗ 'ਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ।
ਉਗਰਾਹਾਂ ਨੇ ਕਿਹਾ ਕਿ ਗੱਲ ਉਥੇ ਦੀ ਉਥੇ ਹੀ ਖੜ੍ਹੀ ਹੈ। ਸਰਕਾਰ ਦਾ ਰਵੱਈਆ ਅਜੇ ਵੀ ਅੜੀਅਲ ਹੀ ਹੈ। ਉਗਰਾਹਾਂ ਨੇ ਕਿਹਾ ਕਿ ਜਿੰਨਾ ਖੇਤੀਬਾੜੀ ਮੰਤਰੀ ਨੂੰ ਕਹਿ ਕੇ ਭੇਜਿਆ ਜਾਂਦਾ ਹੈ, ਉਨਾ ਹੀ ਉਹ ਮੀਟਿੰਗ 'ਚ ਗੱਲ ਕਰਦੇ ਨੇ। ਫਿਲਹਾਲ ਸਰਕਾਰ ਗੱਲ ਨੂੰ ਕਿਸੇ ਕਿਨਾਰੇ ਲਾਉਣ ਦੀ ਗੱਲ 'ਤੇ ਆਪਣਾ ਪੱਖ ਨਹੀਂ ਰੱਖ ਰਹੀ ਅਤੇ ਫੇਰ ਤੋਂ ਉਹੀ ਪੁਰਾਣੀਆਂ ਗੱਲਾਂ ਕਿ ਇਹ ਕਾਨੂੰਨ ਬਹੁਤ ਵਧੀਆ ਨੇ ਤੇ ਦੇਸ਼ ਦੇ ਲੋਕ ਇਸਨੂੰ ਸਰਾਹ ਰਹੇ ਨੇ। ਉਗਰਾਹਾਂ ਨੇ ਕਿਹਾ ਕਿ ਕੀ ਅਸੀਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਹਾਂ ਜੋ ਸਾਨੂੰ ਇਹ ਕਾਨੂੰਨ ਵਧੀਆ ਨਹੀਂ ਲੱਗ ਰਹੇ।