ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2021 - ਤਿੰਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ’ਚ ਸ਼ਾਮਲ ਹੋਣ ਦੇ ਇਵਜ਼ ’ਚ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅੰਮਿ੍ਰਤਪਾਲ ਸਿੰਘ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਜਾ ਵਜੋਂ ਨੌਕਰੀ ਤੋਂ ਬਰਖਾਸਤ ਕਰਨ ਦਾ ਤਿੱਖਾ ਨੋਟਿਸ ਲੈਂਦਿਆਂ ਪਹਿਲੇ ਪੜਾਅ ’ਚ ਬੁੱਧਵਾਰ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਨੇ ਆਪਣਾ ਤੁਗਲਕੀ ਫੈਸਲਾ ਵਾਪਿਸ ਨਾ ਲਿਆ ਤਾਂ ਕਿਸਾਨ ਧਿਰਾਂ ਅਤੇ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਮਘਾਇਆ ਜਾਏਗਾ। ਯੂਨੀਅਨ ਨੇ ਇਸ ਸਬੰਧੀ ਬਠਿੰਡਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਅੰਮਿ੍ਰਪਾਲ ਸਿੰਘ ਨੂੰ ਫੌਰੀ ਤੌਰ ਤੇ ਨੌਕਰੀ ਤੇ ਬਹਾਲ ਕਰਨ ਦੀ ਮੰਗ ਕੀਤੀ ਹੈ।
ਨਰੇਗਾ ਕਰਮਚਾਰੀ ਯੂਨੀਅਨਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮਿ੍ਰਤਪਾਲ ਸਿੰਘ ਨੂੰ ਹੱਕਾਂ ਦੀ ਖਾਤਰ ਅਵਾ੍ਚ ਉਠਾਉਣ ਦੀ ਸਜ਼ਾ ਦੇਣਾ ਕਿੱਥੋਂ ਦਾ ਨਿਆਂ ਹੈ ਜਦੋਂਕਿ ਉਹ ਮਿਹਨਤੀ,ਇਮਾਨਦਾਰ ਅਤੇ ਸਾਊ ਸੁਭਾਅ ਦਾ ਮਾਲਕ ਹੈ ਜਿਸ ਦੀ ਡਿਊਟੀ ’ਚ ਵੀ ਕਦੇ ਕੋਈ ਊਣਤਾਈ ਨਹੀਂ ਪਾਈ ਗਈ। ਉਹਨਾਂ ਆਖਿਆ ਕਿ ਅੰਮਿ੍ਰਤਪਾਲ ਸਿੰਘ ਯੂਨੀਅਨ ਦਾ ਮੋਹਰਲੀ ਕਤਾਰ ਦਾ ਆਗੂ ਹੋਣ ਕਰਕੇ ਜਿਲਾ ਪ੍ਰਸ਼ਾਸਨ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਦੇ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਪਿਛਲੇ ਦਿਨੀਂ ਜਿਲੇ ਵਿੱਚ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਾਨੂੰਨ ਅਨੁਸਾਰ ਸਲਾਨਾ ਵਾਧਾ,ਬੇਕਸੂਰ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਅਤੇ ਮਿ੍ਰਤਕ ਸਾਥੀ ਦੀ ਧਰਮ ਪਤਨੀ ਨੂੰ ਤਰਸ ਦੇ ਆਧਾਰ ਤੇ ਨਰੇਗਾ ਵਿੱਚ ਹੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਕਰਕੇ ਉਹ ਸਿਵਲ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕਣ ਲੱਗਾ ਸੀ।
ਉਹਨਾਂ ਦੱਸਿਆ ਕਿ ਪਿਛਲੇ ਮਹੀਨੇ ਦਿੱਲੀ ਕਿਸਾਨ ਮੋਰਚੇ ਵਿੱਚ ਬਿਨਾਂ ਤਨਖਾਹ ਤੋਂ ਛੁੱਟੀ ਲੈਕੇ ਸ਼ਾਮਲ ਹੋਇਆ ਸੀ। ਉਹਨਾਂ ਦੱਸਿਆ ਕਿ ਏਡੀਸੀ ਵਿਕਾਸ ਫਾਜ਼ਿਲਕਾ ਨੇ ਦੋ ਹਫਤਿਆਂ ਬਾਅਦ ਉਸ ਦੀ ਬਿਨਾਂ ਤਨਖਾਹ ਵਾਲੀ ਛੁੱਟੀ ਨਾਮਨਜੂਰ ਕਰਕੇ ਅੰਮਿ੍ਰਤਪਾਲ ਸਿੰਘ ਨੂੰ ਤੁਰੰਤ ਡਿਊਟੀ ਤੇ ਹਾਜਰ ਹੋਣ ਲਈ ਵਟਸਐਪ ਰਾਹੀਂ ਪੱਤਰ ਦੇਰ ਰਾਤ ਭੇਜ ਦਿੱਤਾ । ਉਹਨਾਂ ਦੱਸਿਆ ਕਿ ਮਹਿਕਮੇ ਦੇ ਆਦੇਸ਼ਾਂ ਦੇ ਅਧਾਰ ਤੇ ਉਹ ਸੇਵਰ ਤੱਕ ਡਿਊਟੀ ਤਾ ਹਾਜਰ ਹੋ ਗਿਆ ਫਿਰ ਵੀ ਪਰ ਕਈ ਦਿਨਾਂ ਬਾਅਦ ਡਿਊਟੀ ਤੇ ਹਾਜਰ ਨਾ ਰਹਿਣ ਦੇ ਦੋਸ਼ ਲਾ ਕੇ 31 ਦਸੰਬਰ ਤੋਂ ਅੰਮਿ੍ਰਤਪਾਲ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਲਈ ਰਾਤ ਵੇਲੇ ਪੱਤਰ ਭੇਜ ਦਿੱਤਾ। ਉਹਨਾਂ ਆਖਿਆ ਕਿ ਅਜਿਹੀ ਗੈਰਕਾਨੂੰਨੀ ਕਾਰਵਾਈ ਕਰਕੇ ਪ੍ਰਸ਼ਾਸਨ ਨੇ ਇੱਕ ਸੰਘਰਸ਼ੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਯੂਨੀਅਨ ਜਦੋਂ ਸਬੰਧਤ ਅਧਿਕਾਰੀ ਨੂੰ ਮਿਲੀ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਅੰਮਿ੍ਰਤਪਾਲ ਸਿੰਘ ਨੂੰ ਮੁੜ ਨੌਕਰੀ ਤੇ ਬਹਾਲ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਬੁੱਧਵਾਰ ਨੂੰ ਪੂਰੇ ਜਿਲੇ ਦੇ ਨਰੇਗਾ ਤਹਿਤ ਹੋਣ ਵਾਲੇ ਵਿਕਾਸ ਕਾਰਜ ਠੱਪ ਕਰਕੇ ਬਲਾਕ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ ਜਦੋਂਕਿ ਅਗਲੇ ਦਿਨਾਂ ਦੌਰਾਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਫਾਜਿਲਕਾ ਪ੍ਰਸ਼ਾਸ਼ਨ ਦੀ ਇਸ ਤਾਨਾਸ਼ਾਹੀ ਕਾਰਵਾਈ ਸਬੰਧੀ ਤਾਨਾਸ਼ਾਹੀ ਕਾਰਵਾਈ ਬਾਰੇ ਮੁੱਖ ਮੰਤਰੀ ਪੰਜਾਬ,ਪੰਚਾਇਤ ਮੰਤਰੀ ਅਤੇ ਕਮਿਸ਼ਨਰ ਮਗਨਰੇਗਾ ਪੰਜਾਬ ਨੂੰ ਵੀ ਜਾਣੂੰ ਕਰਵਾ ਦਿੱਤਾ ਹੈ। ਇਸ ਮੌਕੇ ਸੂਬਾ ਪ੍ਰੈਸ ਸਕੱਤਰ ਅਮਰੀਕ ਸਿੰਘ ਮਹਿਰਾਜ,ਕੌਰ ਸਿੰਘ,ਜਗਮੀਤ ਸਿੰਘ,ਸੁਖਵਿੰਦਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਸਿਵੀਆਂ ਹਾਜਰ ਸਨ।