ਰਾਜਵੰਤ ਸਿੰਘ
- ਦਿੱਲੀ ਅੰਦੋਲਨ ਦੇ ਪਹਿਲੇ ਦਿਨ ਤੋਂ ਮਾਸੂਮ ਬੱਚੇ ਤੇ ਪਤਨੀ ਸਮੇਤ ਕਰ ਰਿਹੈ ਅਗਵਾਈ
ਸ੍ਰੀ ਮੁਕਤਸਰ ਸਾਹਿਬ, 06 ਜਨਵਰੀ 2021-ਕਿਸਾਨਾਂ ਦੇ ਦਿੱਲੀ ਅੰਦੋਲਨ ਦੌਰਾਨ ਉਭਰੇ ਨਾਅਰਿਆਂ ’ਚ ਹਰਮਨ ਪਿਆਰੇ ਹੋਏ ਨਾਅਰੇ ‘ਜ਼ਮੀਨ ਨਹੀਂ ਪਰ ਜ਼ਮੀਰ ਹੈ’ ਨੂੰ ਅਮਲੀ ਜਾਮਾ ਪਹਿਨਾ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਲਾਗਲੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਦਾ ਕਿਸਾਨ ਆਗੂ ਮੰਗਾ ਸਿੰਘ ਆਜ਼ਾਦ। ਵਿਦਿਆਰਥੀ ਆਗੂ ਤੋਂ ਕਿਸਾਨ ਆਗੂ ਬਣੇ ਮੰਗਾ ਆਜ਼ਾਦ ਦਿੱਲੀ ਧਰਨੇ ਦੇ ਪਹਿਲੀ ਦਿਨ ਤੋਂ ਹੀ ਟਿੱਕਰੀ ਬਾਰਡਰ ਉਪਰ ਆਪਣੀ ਪਤਨੀ ਪ੍ਰਦੀਪ ਕੌਰ ਅਤੇ ਦੋ ਸਾਲ ਦੇ ਮਾਸੂਮ ਬੱਚੇ ਹਰਮਨਜੋਤ ਸਿੰਘ ਸਣੇ ਅੰਦੋਲਨ ਵਿੱਚ ਸ਼ਾਮਲ ਹੈ। ਮੰਗਾ ਆਜ਼ਾਦ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਇਸ ਖੇਤਰ ਵਿੱਚ ਤਿੰਨ ਕੁ ਸਾਲ ਪਹਿਲਾਂ ਜਥੇਬੰਦੀ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਸਨ ਅਤੇ ਸੱਤ ਕੁ ਮਹੀਨੇ ਪਹਿਲਾਂ ਯੂਥ ਵਿੰਗ ਬਣਾਇਆ ਸੀ।
ਉਨ੍ਹਾਂ ਦੇ ਨਾਲ ਹਰਪ੍ਰੀਤ ਝਬੇਲਵਾਲੀ ਵੀ ਪਹਿਲੇ ਦਿਨ, ਲਖਵੰਤ ਕਿਰਤੀ ਵਿਦਿਆਰਥੀ, ਹਰਪ੍ਰੀਤ ਝਬੇਲਵਾਲੀ ਯੂਥ ਆਗੂ, ਭੋਲਾ ਸਿੰਘ ਹੋਰਾਂ ਨੇ ਇੱਥੇ ਕਰੀਬ ਡੇਢ ਸੌ ਬੰਦੇ ਲਈ ਰਿਹਾਇਸ਼ ਦਾ ਪ੍ਰਬੰਧ, ਲੰਗਰ ਅਤੇ ਲਾਇਬ੍ਰੇਰੀ ਚਲਾਈ ਹੋਈ ਹੈ। ਅੰਦੋਲਨ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਰਜਿੰਦਰ ਕੌਰ ਦੀ ਪਤਨੀ ਜਗਰੂਪ ਕੌਰ ਤੇ ਉਸਦੇ ਬੱਚੇ ਵੀ ਸ਼ਾਮਲ ਹਨ। ਆਜ਼ਾਦ ਨੇ ਦੱਸਿਆ ਕਿ ਉਹ ਧਰਨੇ ਦੇ ਪਹਿਲੇ ਦਿਨ ਹੀ ਸਰਦੂਲਗੜ੍ਹ ਰਾਹੀਂ ਹੁੰਦੇ ਹੋਏ ਹਾਂਸਪਰ ਪੁਲਸ ਰੋਕਾਂ ਤੋੜਕੇ ਟਿੱਕਰੀ ਬਾਰਡਰ ’ਤੇ ਪੁੱਜ ਗਏ ਸਨ। ਇਸ ਵੇਲੇ ਉਥੇ 23 ਕਿਲੋਮੀਟਰ ਦਾ ਧਰਨਾ ਲੱਗਿਆ ਹੋਇਆ।
ਟਿੱਕਰੀ ਬਾਰਡਰ ’ਤੇ ਸਹੂਲਤਾਂ ਦੀ ਘਾਟ
ਕਿਸਾਨ ਆਗੂ ਮੰਗਾ ਸਿੰਘ ਆਜ਼ਾਦ ਨੇ ਦੱਸਿਆ ਕਿ ਟਿੱਕਰੀ ਬਾਰਡਰ ’ਤੇ ਸਹੂਲਤਾਂ ਦੀ ਭਾਰੀ ਘਾਟ ਹੈ। ਕਿਸਾਨ ਟਿੱਕਰੀ ਬਾਰਡਰ ’ਤੇ ਖੁਦ ਹੀ ਲੰਗਰ ਬਣਾਉਂਦੇ ਹਨ। ਦੁੱਧ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂਕਿ ਸਿੰਘੂ ਬਾਰਡਰ ਦੀ ਭਾਰੀ ਸਹੂਲਤਾਂ ਹਨ। ਇੱਥੇ ਮਾਲਵਾ ਖੇਤਰ ਦੇ ਜ਼ਿਆਦਾ ਲੋਕ ਹਨ ਜਦੋਂ ਕਿ ਸਿੰਘੂ ਬਾਰਡਰ ’ਤੇ ਮਾਝਾ ਅਤੇ ਦੁਆਬਾ ਦੇ ਲੋਕ ਹਨ। ਉਨ੍ਹਾਂ ਨੂੰ ਵਿਦੇਸ਼ੀਆਂ ਤੋਂ ਵੀ ਸਹੂਲਤਾਂ ਮਿਲਦੀਆਂ ਹਨ। ਨੈਸ਼ਨਲ ਮੀਡੀਆ ਵੀ ਸਿੰਘੂ ਬਾਰਡਰ ’ਤੇ ਜ਼ਿਆਦਾ ਰਹਿੰਦਾ ਹੈ, ਜਿਸ ਕਰਕੇ ਖਿੱਚ ਬਣੀ ਰਹਿੰਦੀ ਹੈ। ਉਨ੍ਹਾਂ ਮਾਲਵਾ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਿੱਕਰੀ ਬਾਰਡਰ ’ਤੇ ਖਾਧ ਸਮੱਗਰੀ ਤੇ ਹੋਰ ਸਹੂਲਤਾਂ ਭੇਜਣ।