ਅਸ਼ੋਕ ਵਰਮਾ
ਬਠਿੰਡਾ, 7 ਜਨਵਰੀ 2021 - ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਕੇ ਆਪਣੇ ਹਿੱਸੇ ਦੀ ਲੜਾਈ ਲੜਨ ਦਿੱਲੀ ਜਾ ਰਹੇ ਖੇਤ ਮਜਦੂਰਾਂ ਨੂੰ ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਠਿੰਡਾ ਨੇ ਸ਼ਹਿਰੀਆਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਅੱਜ ਇੱਕ ਲੱਖ ਰੁਪਿਆ ਆਰਥਿਕ ਸਹਾਇਤਾ ਵਜੋਂ ਦਿੱਤਾ ਹੈ। ਇਸੇ ਤਰਾਂ ਹੀ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਮਾਲਵਾ ਜ਼ੋਨ ਨੇ ਖੇਤ ਮਜ਼ਦੂਰਾਂ ਲਈ ਦੋ ਬੱਸਾਂ ਮੁਹੱਈਆ ਕਰਵਾਈਆਂ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਫੈਸਲਾ ਕੀਤਾ ਸੀ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਡਟੇ ਹੋਏ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ 7 ਜਨਵਰੀ ਨੂੰ ਵੱਡੇ ਕਾਫਲੇ ਦੇ ਰੂਪ ਵਿਚ ਦਿੱਲੀ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਪੰਜਾਬ ਖੇਤ ਮਜਦੂਰ ਜਥੇਬੰਦੀ ਦੇ ਆਗੂ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਦੀ ਸਭ ਤੋਂ ਤਿੱਖੀ ਮਾਰ ਪਿੰਡਾਂ ਦੇ ਖੇਤ ਮਜ਼ਦੂਰਾਂ ਅਤੇ ਕਿਰਤੀ ਕਾਮਿਆਂ ਉੱਪਰ ਪੈਣੀ ਹੈ ਕਿਉਂਕਿ ਇਹਨਾਂ ਕਾਨੂੰਨਾਂ ਰਾਹੀਂ ਜਨਤਕ ਵੰਡ ਪ੍ਰਣਾਲੀ ਤਹਿਤ ਮਿਲਦਾ ਨਿਗੂਣਾ ਰਾਸ਼ਨ ਅਤੇ ਬਿਜਲੀ ਸਬਸਿਡੀ ਵਰਗੀਆਂ ਤੁੱਛ ਸਹੂਲਤਾਂ ਵੀ ਖੋਹੀਆਂ ਜਾਣਗੀਆਂ ਜਿਸ ਕਰਕੇ ਖੇਤ ਮਜ਼ਦੂਰ ਵੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋ ਕੇ ਲੜਾਈ ਲੜਨ ਲਈ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਜਾ ਰਹੇ ਹਨ। ਜੋਰਾ ਸਿੰਘ ਨਸਰਾਲੀ ਨੇ ਕਿਸਾਨ ਸੰਘਰਸ਼ ਸਮਰਥਨ ਕਮੇਟੀ ਅਤੇ ਬਠਿੰਡਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਡੀ ਸਹਾਇਤਾ ਨਾਲ ਮਜਦੂਰਾਂ-ਕਿਸਾਨਾਂ-ਮੁਲਾਜਮਾਂ ਅਤੇ ਸ਼ਹਿਰੀ ਦੁਕਾਨਦਾਰਾਂ ਦੀ ਸੰਘਰਸ਼ੀ ਜੋਟੀ ਪਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਕਨਵੀਨਰ ਵਰਿੰਦਰ ਸਿੰਘ ਅਤੇ ਕੋ-ਕਨਵੀਨਰ ਹਰਜੀਤ ਸਿੰਘ ਜੀਦਾ ਨੇ ਦੱਸਿਆ ਕਿ ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਹੈ ਸਗੋਂ ਇਹ ਸਮੂਹ ਤਬਕਿਆਂ ਦੀ ਰੋਜੀ ਰੋਟੀ ਅਤੇ ਰੁਜਗਾਰ ਦੀ ਵੱਡੀ ਲੜਾਈ ਹੈ ਇਸ ਲਈ ਸਾਰੇ ਲੋਕਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਰਹਿਣ ਵਾਲੇ ਲੋਕ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਾਮਬੰਦੀ ਦੀ ਪਹੁੰਚ ਤੋਂ ਬਾਹਰ ਹਨ ਜਿਸ ਕਰਕੇ ਸ਼ਹਿਰੀ ਖੇਤਰਾਂ ’ਚ ਕਿਸਾਨ ਅੰਦੋਲਨ ਦੀ ਗੱਲ ਲਿਜਾਣ ਅਤੇ ਉਹਨਾਂ ਦਾ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਬਠਿੰਡਾ ਦੇ ਮੁਲਾਜਮਾਂ, ਮਜਦੂਰਾਂ, ਸ਼ਹਿਰੀਆਂ, ਦੁਕਾਨਦਾਰਾਂ ਅਤੇ ਲੋਕ ਪੱਖੀ-ਜਮਹੂਰੀ ਲੋਕਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਕਿਸਾਨ ਸੰਘਰਸ਼ ਕਮੇਟੀ ਬਣਾਈ ਹੈ।
ਉਹਨਾਂ ਦੱਸਿਆ ਕਿ ਇਹ ਕਮੇਟੀ ਲਗਾਤਾਰ ਕਿਸਾਨੀ ਸੰਘਰਸ਼ ਦੇ ਸੱਦਿਆਂ ਨੂੰ ਬਠਿੰਡਾ ’ਚ ਲਾਗੂ ਕਰ ਰਹੀ ਹੈ ਅਤੇ ਕਿਸਾਨੀ ਸੰਘਰਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਡੀ.ਟੀ.ਐਫ. ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਬਲਜਿੰਦਰ ਸਿੰਘ , 6060 ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਐਚ. ਐਸ. ਰਾਣੂ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਸਨੀਕਾਂ ਅਤੇ ਦੁਕਾਨਦਾਰ ਬਹੁਤ ਖੁੱਲੇ ਦਿਲ ਨਾਲ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਹਨ ਅਤੇ ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਸੱਦਿਆਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਮਾਲਵਾ ਜੋਨ ਦੇ ਕਨਵੀਨਰ ਬਲਤੇਜ ਸਿੰਘ, ਕਰਿਆਨਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਓਮ ਪ੍ਰਕਾਸ਼ ਗੋਇਲ, ਨਿਊ ਹੋਲਸੇਲ ਕਲਾਥ ਮਾਰਕੀਟ ਦੇ ਪ੍ਰਧਾਨ ਭਾਰਤ ਭੂਸ਼ਨ ਜਿੰਦਲ ਅਤੇ ਵਪਾਰ ਮੰਡਲ ਬਠਿੰਡਾ ਦੇ ਪ੍ਰਧਾਨ ਰਜਿੰਦਰ ਰਾਜੂ ਨੇ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟਾਂ ਅਤੇ ਸਾਮਰਾਜੀ ਕੰਪਨੀਆਂ ਨੂੰ ਸਰਕਾਰੀ ਛੋਟਾਂ ਦੇ ਗੱਫੇ ਦੇ ਕੇ ਪਰਚੂਨ ਖੇਤਰ ਅਤੇ ਬਾਜ਼ਾਰਾਂ ਉਪਰ ਕਬਜ਼ਾ ਕਰਾਉਣ ਦੀ ਨੀਤੀ ਤੇ ਚੱਲਦਿਆਂ ਸਿੱਧੇ ਵਿਦੇਸ਼ੀ ਨਿਵੇਸ਼ ,ਵਾਲ ਮਾਰਟ, ਰਿਲਾਇੰਸ ਅਤੇ ਬੈਸਟ ਪਾਈਪ ਵਰਗੀਆਂ ਕੰਪਨੀਆਂ ਰਾਹੀਂ ਛੋਟੇ ਦੁਕਾਨਦਾਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ।
ਗੁਰੂ ਹਰਗੋਬਿੰਦ ਥਰਮਲ ਪਲਾਂਟ ਕੰਟਰੈਕਟ ਵਰਕਰਜ ਯੂਨੀਅਨ ਲਹਿਰਾ ਮੁਹੱਬਤ ਦੇ ਪ੍ਰਧਾਨ ਜਗਰੂਪ ਸਿੰਘ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੌਮ ਜੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਪੰਨੂ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਤਵਿੰਦਰ ਸੋਨੀ ਅਤੇ ਰੰਗ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਬਿਜਲੀ ਬਿੱਲ 2020 ਲਿਆ ਕੇ ਬਿਜਲੀ ਖੇਤਰ ਨੂੰ ਪੂਰੀ ਤਰਾਂ ਕਾਰਪੋਰੇਟਾਂ ਦੀ ਝੋਲੀ ਪਾਉਣ ਲਈ ਤੁਲੀ ਬੈਠੀ ਹੈ । ਜਿਸ ਨਾਲ ਮੁਲਾਜਮਾਂ ਦਾ ਰੁਜਗਾਰ ਖਤਰੇ ਵਿੱਚ ਹੈ ਅਤੇ ਬਿਜਲੀ ਦੀ ਮਹਿੰਗਾਈ ਨੇ ਵੀ ਅਸਮਾਨ ਛੂਹ ਜਾਣਾ ਹੈ। ਖੇਤ ਮਜਦੂਰਾਂ ਨੂੰ ਰਵਾਨਾ ਕਰਨ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਠਿੰਡਾ ਨੇ ਮਜ਼ਦੂਰਾਂ ਦਾ ਭਰਵਾਂ ਸੁਆਗਤ ਕੀਤਾ ਅਤੇ ਉਹਨਾਂ ਲਈ ਚਾਹ ਦੇ ਪ੍ਰਬੰਧ ਵੀ ਕੀਤੇ।
ਇਹ ਜੱਥੇਬੰਦੀਆਂ ਵੀ ਹੋਈਆਂ ਸ਼ਾਮਲ
ਇਸ ਮੌਕੇ ਸਰਕਾਰੀ ਸਕੂਲ ਲੈਬਾਰਟਰੀ ਸਟਾਫ ਯੂਨੀਅਨ ਤੋਂ ਗੁਰਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਤੋਂ ਰਣਧੀਰ ਸਿੰਘ ਗਿੱਲਪੱਤੀ, ਦਿਲਬਾਗ ਸਿੰਘ ਅਤੇ ਹਾਕਮ ਸਿੰਘ, ਅਧਿਆਪਕ ਦਲ ਤੋਂ ਜਗਤਾਰ ਸਿੰਘ ਬਾਠ, ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ ਤੋਂ ਡਾ. ਕੇਵਲ ਕਿ੍ਰਸ਼ਨ ਸਿੰਗਲਾ, ਸਾਹਿਤ ਸਭਿਆਚਾਰ ਮੰਚ ਤੋਂ ਕਹਾਣੀਕਾਰ ਅਤਰਜੀਤ, ਸਾਹਿਤ ਸਭਾ ਬਠਿੰਡਾ ਵੱਲੋਂ ਜਸਪਾਲ ਸਿੰਘ ਮਾਨਖੇੜਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜਗਸੀਰ ਸਿੰਘ ਝੁੰਬਾ, ਆਈ.ਜੀ.ਸੀ. ਬਠਿੰਡਾ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਲੋਕ ਮੋਰਚਾ ਪੰਜਾਬ ਤੋਂ ਸੁਖਵਿੰਦਰ ਸਿੰਘ, ਕੋਰੋਨਾ ਵਾਰੀਅਰਜ਼ ਤੋਂ ਅਤਰ ਸਿੰਘ, ਨੌਜਵਾਨ ਭਾਰਤ ਸਭਾ ਤੋਂ ਸੁਖਬੀਰ ਸਿੰਘ ਖੇਮੋਆਣਾ, ਡੀ. ਟੀ. ਐਫ. ਦੇ ਸਾਬਕਾ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਜੀਦਾ‘ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਤੋਂ ਲਛਮਣ ਸਿੰਘ ਮਲੂਕਾ, ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਤੋਂ ਖੁਸ਼ਕਰਨ ਸਿੰਘ, ਮਹਿਣਾ ਚੌਕ ਮਾਰਕੀਟ ਤੋਂ ਵਿਜੈ ਭੱਟ, ਈਟੀਟੀ ਟੀਚਰ ਯੂਨੀਅਨ ਤੋਂ ਜਗਸੀਰ ਸਿੰਘ ਸਹੋਤਾ, ਪਾਵਰਕਾਮ ਅਤੇ ਟਰਾਂਸਕੋ ਯੂਨੀਅਨ ਤੋਂ ਰਜੇਸ਼ ਕੁਮਾਰ, ਟੀ. ਐਸ. ਯੂ. ਤੋਂ ਹੇਮਰਾਜ ਸਮੇਤ ਵੱਡੀ ਗਿਣਤੀ ਸ਼ਹਿਰੀ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।