ਅਸ਼ੋਕ ਵਰਮਾ
ਬਰਨਾਲਾ,7ਜਨਵਰੀ2021:ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਹਕੂਮਤ ਦੇ ਧੱਕੜਸ਼ਾਹ, ਅੜੀਅਲ, ਸਾਜਸ਼ੀ ਵਤੀਰੇ ਖਿਲਾਫ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤੇ ਅਗਲੇਰੇ ਸੰਘਰਸ਼ਾਂ ਦੀ ਕੜੀ ਵਜੋਂ ਅੱਜ ਬਰਨਾਲਾ ਸ਼ਹਿਰ ’ਚ ਦਾਣਾ ਮੰਡੀ ਤੋਂ ਸ਼ੁਰੂ ਹੋਕੇ ਰੇਲਵੇ ਸਟੇਸ਼ਨ ਤੱਕ800 ਤੋਂ ਵਧੇਰੇ ਟਰੈਕਟਰਾਂ ਦੀ ਸ਼ਮੂਲੀਅਤ ਵਾਲਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਟਰੈਕਟਰ ਮਾਰਚ ਦੌਰਾਨ ਸ਼ਹਿਰ ਦੇ ਹਰ ਪਾਸੇ ‘‘ਹਰੇ ਰੰਗ ਦੇ ਝੰਡਿਆਂ ਦਾ ਝਲਕਾਰਾ ਦਿਖਾਈ ਦੇ ਰਿਹਾ ਸੀ ਅਤੇ ਟਰੈਕਟਰ ਸਵਾਰ ਕਿਸਾਨ ਤੇ ਸ਼ਹਿਰ ਵਾਸੀਲ ਮੋਦੀ ਸਰਕਾਰ ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’’ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ’ਚ ਕਾਲੇ ਕਾਨੂੰਨਾਂ ਦਾ ਵਿਰੋਧ ਕਬਦੇ ਦਿਖਾਈ ਦਿੱਤੇ। ਓਧਰ ਰੇਲਵੇ ਪਾਰਕਿੰਗ ’ਚ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਆਗੂਆਂ ਵੱਲੋਂ ਭੁੱਖ ਹੜਤਾਲ ਅੱਜ ਵੀ ਜਾਰੀ ਰੱਖੀ ਗਈ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਮਾ. ਨਿਰੰਜਣ ਸਿੰਘ, ਕੁਲਵੀਰ ਸਿੰਘ, ਗੁਰਜੰਟ ਸਿੰਘ, ਗੁਰਚਰਨ ਸਿੰਘ ਸਰਪੰਚ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਜਸਪਾਲ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਬਾਰਾ ਸਿੰਘ ਬਦਰਾ, ਗੁਰਨਾਮ ਸਿੰਘ ਠੀਕਰੀਵਾਲ, ਹਰਚਰਨ ਚੰਨਾ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿੱਕਲ ਰਿਹਾ ਹੈ। ਉਹਨਾਂ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਅੱਜ ਦਾ ਟਰੈਕਟਰ ਮਾਰਚ ਮਹਿਜ ਟਰੇਲਰ ਹੈ, ਅਸਲ ਟੱਕਰ ਤਾਂ 26 ਜਨਵਰੀ ਸਮਾਨ ਅੰਤਰ ਗਣਤੰਤਰ ਦਿਵਸ ਵਾਲੇ ਦਿਨ ਹੋਵੇਗੀ। ਇਸ ਵਾਸਤੇ ਹਜਾਰਾਂ ਟਰੈਕਟਰ ਦਿੱਲੀ ਵੱਲ ਵੀ ਰਵਾਨਾ ਹੋਣਗੇ।
ਅੱਜ ਟੈਕਨੀਕਲ ਸਰਵਸਿਜ ਯੂਨੀਅਨ (ਰਜਿ) ਸਰਕਲ ਬਰਨਾਲਾ ਦਾ ਕਾਫਲਾ ਬਲਵੰਤ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ। ਇਹ ਕਾਫਲੇ ਆਏ ਦਿਨ ਵਧਦੇ ਜਾ ਰਹੇ ਹਨ। ਦਾਣਾ ਮੰਡੀ ਤੋਂ ਰੇਲਵੇ ਸਟੇਸ਼ਨ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿ ਬੁਲਾਰਿਆਂ ਕਿਹਾ ਕਿ12 ਜਨਵਰੀ ਤੱਕ ਜਾਗਰੂਕਤਾ ਹਫਤਾ ਮਨਾਉਂਦਿਆਂ,13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ।18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਹੋਰ ਵਧੇਰੇ ਜਰਬਾਂ ਦਿੱਤੀਆਂ ਜਾਣਗੀਆਂ।23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ ਜਦੋਂਕਿ 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ।
ਬੁਲਾਰਿਆਂ ਮੋਦੀ ਹਕੂਮਤ ਵੱਲੋਂ ਦੋਹਰੇ ਪੈਮਾਨੇ ਅਪਨਾਉਣ ਬਦਲੇ ਨਿਸ਼ਾਨਾ ਬਣਾਇਆ ਅਤੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਜਿਹੀਆਂ ਸ਼ਾਤਰ, ਫੁੱਟਪਾਊ ਚਾਲਾਂ ਤੋਂ ਬਾਜ ਆਵੇ। ਕਿਉਂਕਿ ਇੱਕ ਪਾਸੇ ਸਾਂਝੇ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ, ਦੂਜੇ ਪਾਸੇ ਇਹੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦਰਸਾਉਣ ਦਾ ਰਾਗ ਅਲਾਪ ਰਹੀ ਹੈ। ਆਗੂਆਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਮੰਗ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਅੱਜ ਭੁੱਖ ਹੜਤਾਲੀ ਜਥੇ ਵਿੱਚ ਦਰਸ਼ਨ ਸਿੰਘ, ਸੁਰਜੀਤ ਸਿੰਘ, ਗਿੰਦਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਲੀਲਾ ਸਿੰਘ, ਰਾਮ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਲਾਭ ਸਿੰਘ, ਬੇਅੰਤ ਸਿੰਘ, ਸੁਰਜੀਤ ਸਿੰਘ ਆਦਿ ਸ਼ਾਮਿਲ ਹੋਏ।