ਕੈਨੇਡਾ, 8 ਜਨਵਰੀ 2021 - ਮਿਹਨਤ ਸਾਡੇ ਨਾਲ ਜੰਮਦੀ ਹੈ। ਸੰਜਮ ਸਾਡੇ ਅੰਦਰ ਘੁਲ਼ਿਆ ਹੈ।
...ਦਰਿਆਵਾਂ ਦੇ ਪਾਣੀ ਨਾਲ ਸਿੰਜੀ ਭੋਂਇ ਜਦ ਵੱਤ ਆਉਂਦੀ ਹੈ ਤਾਂ ਅਸੀਂ ਹਲ਼ ਚਲਾਉਂਦੇ। ਚੌ ਦੇ ਥੱਲਿਓਂ ਨਿਕਲਦੀ ਮਿੱਟੀ ਵਿੱਚੋਂ ਜਿਹੜੀ ਮਹਿਕ ਉੱਠਦੀ ਹੈ, ਉਸ ਵਿੱਚ ਇਸ਼ਕੇ ਦਾ ਨਸ਼ਾ ਰਲ਼ਿਆ ਹੁੰਦਾ ਹੈ। ਓਦੋਂ ਅਸੀਂ ਵਾਰਿਸ ਸ਼ਾਹ ਦੀ ਹੀਰ ਛੇੜ ਲੈਂਦੇ ਹਾਂ।
...ਜਦ ਅਸੀਂ ਹਲ਼ ਦੇ ਪੋਰ ‘ਚ ਦਾਣੇ ਪੋਰਦੇ ਹਾਂ ਤਾਂ ਹਰੇਕ ਗੁਰੂ, ਪੀਰ ਤੇ ਦੇਵੀ, ਦੇਵਤੇ ਨੂੰ ਧਿਆਉਂਦੇ ਹਾਂ। ਜਦ ਦਾਣੇ ਢੰਗੂਰ ਮਾਰਦੇ ਨੇ ਤੇ ਫਸਲ ਹਰੀ ਹੋਣ ਲੱਗਦੀ ਹੈ ਤਾਂ ਸਾਨੂੰ ਮਣਾਂ-ਮੂੰਹੀਂ ਚਾਓ ਚੜ੍ਹਦਾ ਹੈ। ਅਸੀਂ ਓਸ ਵੇਲੇ ਕੁਦਰਤ ਦੇ ਜ਼ਰ੍ਹੇ ਜ਼ਰ੍ਹੇ ਨੂੰ ਮੋਹ ਭਰੀ ਗੱਲਵੱਕੜੀ ‘ਚ ਘੁੱਟ ਲੈਂਦੇ ਹਾਂ।
...ਗੋਡੀ ਕਰਦੇ ਸਮੇਂ ਨਦੀਨਾਂ ਦੀਆਂ ਜੜਾਂ ਪੁੱਟਣ ਵੇਲੇ ਅਸੀਂ ਦੁਸ਼ਮਣ ਦੀਆਂ ਜੜਾਂ ਪੁੱਟਣ ਬਰੋਬਰ ਸਮਝਦੇ ਹਾਂ।
...ਫਸਲ ਨੂੰ ਪਾਣੀ ਲਾਉਣ ਵੇਲੇ ਅਸੀਂ ਅਠਾਹਟ ਤੀਰਥਾਂ ਦੇ ਇਸ਼ਨਾਨ ਕਰਿਆਂ ਵਾਂਗਰ ਮਹਿਸੂਸ ਕਰਦੇ ਹਾਂ।
...ਸਾਡੇ ਖੇਤਾਂ ਵਿੱਚ ਜੀਵਨ ਲਹਿਰਾਉਂਦਾ ਹੈ।ਅਸੀਂ ਅੰਨ ਪੂਜਦੇ ਹਾਂ।
...ਅਸੀਂ ਮਿੱਟੀ ਦੇ ਜਾਏ ਹਾਂ। ਜ਼ਮੀਨ ਸਾਡੀ ਮਾਂ ਹੈ।
...ਜਦ ਫਸਲ ਪੱਕਦੀ ਹੈ ਤਾਂ ਸਾਡੇ ਅੰਦਰ ਕੋਈ ਨੂਰਾਨੀ ਨਾਦ ਵੱਜਣ ਲੱਗਦਾ ਹੈ, ਅਸੀਂ ਨੱਚਣ ਲੱਗਦੇ ਹਾਂ।
...ਸਾਡੀ ਫਸਲ ਨੂੰ ਜੇ ਕੋਈ ਕਰੋਪੀ ਹੋ ਜਾਵੇ ਤਾਂ ਸਾਡੇ ਪਰਛਾਵੇਂ ਵੀ ਅੱਗ ਵਾਂਗਰ ਤਪਣ ਲੱਗਦੇ ਨੇ। ਸਾਡੇ ਸੁਭਾਅ ਮਾਰ-ਖੁੰਡਾਹੇ ਹੋ ਜਾਂਦੇ ਨੇ। ਰੂਹ ‘ਤੇ ਕਸੀਰ ਉੱਗ ਪੈਂਦੇ ਨੇ। ਫਿਰ ਓਸ ਵੇਲੇ ਤਾਂ ਸਾਡੇ ਪਿੰਜਰ ਵੀ ਪ੍ਰੇਤਾਂ ਨੂੰ ਢਾਹ ਸਕਦੇ ਹੁੰਦੇ ਨੇ...।
...ਗ਼ੌਰ ਨਾਲ ਸੁਣ ਲਓ ਓਏ ਕਾਰਪੋਰਟਵਾਦੀਓ, ਲਾਲਚੀ ਸੋਚਾਂ ਦੇ ਮਾਲਕੋ, ਥੋਡੀਆਂ ਸੋਚਾਂ ਕਦੇ ਪੂਰ ਨਹੀਂ ਚੜ੍ਹਨਗੀਆਂ। ਅਸੀਂ ਆਪਣੀ ਜ਼ਮੀਨ ਦੀ ਮਿੱਟੀ ਦੀ ਧੂੜ ਦੇ ਕਣ ਵੀ ਨਹੀਂ ਕਿਸੇ ਨੂੰ ਦੇਵਾਂਗੇ।
...
ਗੁਰਮੇਲ ਬੀਰੋਕੇ , ਪਰਦੇਸੀ ਲੇਖਕ, ਕੈਨੇਡਾ
ਫ਼ੋਨ: 001-604-825-8053
ਈਮੇਲ: gurmailbiroke@gmail.com