- ਡੀ ਟੀ ਐੱਫ ਦੀ ਜਨਰਲ ਕਾਊਂਸਲ ਦੌਰਾਨ ਸੰਘਰਸ਼ੀ ਯੋਧਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਮਾਨਸਾ 8 ਜਨਵਰੀ 2021 - ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲ੍ਹੋਂ ਭਲਕੇ 9 ਜਨਵਰੀ ਨੂੰ ਮਾਨਸਾ ਵਿਖੇ ਸ਼ੁਰੂ ਹੋ ਰਹੇ ਦੋ ਰੋਜ਼ਾ ਰਾਜ ਪੱਧਰੀ ਸਲਾਨਾ ਜਨਰਲ ਕਾਊਂਸਲ ਦੌਰਾਨ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਜੁਝਾਰੂ ਅਧਿਆਪਕ ਆਗੂਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ,ਜਿੰਨਾਂ ਨੇ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੇ ਹੱਕੀ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਵਿੱਚ ਚੱਲੇ ਤਿਖੇ ਘੋਲਾਂ ਦੌਰਾਨ ਅਹਿਮ ਭੂਮਿਕਾ ਨਿਭਾਈ।ਸੰਘਰਸ਼ਾਂ ਦੌਰਾਨ ਇਨ੍ਹਾਂ ਆਗੂਆਂ ਦੀਆਂ ਨਵਾਂ ਸ਼ਹਿਰ, ਤਰਨਤਾਰਨ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਹੋਰ ਦੂਰ ਦਰੇਡੇ ਬਦਲੀਆਂ ਕਰ ਦਿੱਤੀਆਂ ਗਈਆਂ ਸਨ,ਵੱਖ ਵੱਖ ਤਰ੍ਹਾਂ ਦੇ ਕੇਸ ਦਰਜ਼ ਕੀਤੇ ਗਏ ਸਨ ਅਤੇ ਚਾਰ ਚਾਰ ਮਹੀਨਿਆਂ ਦੀਆਂ ਤਨਖਾਹਾਂ ਤੋ ਬਿਨਾਂ ਹੋਰ ਅਨੇਕਾਂ ਤਸ਼ੱਦਦਾਂ ਦਾ ਸਾਹਮਣਾ ਇਨ੍ਹਾਂ ਆਗੂਆਂ ਨੂੰ ਕਰਨਾ ਪਿਆ ਸੀ।
ਇਸ ਦੇ ਬਾਵਜੂਦ ਇਨ੍ਹਾਂ ਆਗੂਆਂ ਨੇ ਹਕੂਮਤ ਵਿਰੁੱਧ ਤਿੱਖੀ ਜੰਗ ਲੜਦਿਆਂ ਆਖਰ ਵੱਖ ਵੱਖ ਕੇਡਰਾਂ ਦੇ ਮੰਗਾਂ ਮਸਲਿਆਂ ਨੂੰ ਪੂਰਾ ਕਰਵਾਇਆ ਗਿਆ। ਡੀ ਟੀ ਐਫ ਵੱਲ੍ਹੋਂ ਇੰਨਾਂ ਸੰਘਰਸ਼ੀ ਯੋਧਿਆਂ ਨੂੰ ਅਪਣੇ ਸਲਾਨਾ ਸਮਾਗਮ ਦੌਰਾਨ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੰਘਰਸ਼ੀ ਆਗੂਆਂ ਵਿੱਚ ਹਰਦੀਪ ਸਿੰਘ ਸਿੱਧੂ, ਗੁਰਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ ਅਲੀਸ਼ੇਰ, ਹਰਜਿੰਦਰ ਸਿੰਘ ਅਨੂਪਗੜ੍ਹ,ਨਿਰਭੈ ਸਿੰਘ,ਵਿਨੋਦ ਕੁਮਾਰ,ਮੈਡਮ ਅੰਜੂ ਬਾਲਾ, ਅਨੂ ਬਾਲਾ,ਪਰਮਿੰਦਰ ਸਿੰਘ ਮਾਨਸਾ, ਕਰਮਜੀਤ ਸਿੰਘ ਤਾਮਕੋਟ, ਰਾਜਵਿੰਦਰ ਸਿੰਘ ਮੀਰ,ਗੁਰਦਾਸ ਸਿੰਘ ਬਾਜੇਵਾਲਾ, ਨਰਿੰਦਰ ਸਿੰਘ ਮਾਖਾ,ਅਮੋਲਕ ਡੇਲੂਆਣਾ ਅਤੇ ਗੁਰਪਿਆਰ ਸਿੰਘ ਕੋਟਲੀ ਸ਼ਾਮਲ ਹਨ। ਇਸ ਸਮਾਗਮ ਦੌਰਾਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਪੂਨੀਆਂ,ਜਸਵਿੰਦਰ ਸਿੰਘ ਝਬੇਲਵਾਲੀ ਜਨਰਲ ਸਕੱਤਰ ਸਮੇਤ ਪੰਜਾਬ ਭਰ ਦੇ ਆਗੂ ਸ਼ਾਮਲ ਹੋ ਰਹੇ ਹਨ।
ਸਮਾਗਮ ਦੇ ਪ੍ਰਬੰਧਕ ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ੍ਹ, ਜ਼ਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ ਅਤੇ ਜਨਰਲ ਸਕੱਤਰ ਅਮੋਲਕ ਡੇਲੂਆਣਾ ਨੇ ਦੱਸਿਆ ਕਿ ਜਨਰਲ ਕਾਉਂਸਲ ਕਿਸਾਨੀ ਸੰਘਰਸ਼ ਅਤੇ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੁਲੇ ਨੂੰ ਸਮਰਪਿਤ ਹੋਵੇਗੀ।ਪਹਿਲੇ ਦਿਨ ਤਿੰਨੇ ਖੇਤੀ ਕਨੂੰਨ ਮੁੱਢੋਂ ਰੱਦ ਕਰਵਾਉਣ,ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਨੂੰਨੀ ਹੱਕ ਘੋਸ਼ਿਤ ਕਰਵਾਉਣ ਸਮੇਤ ਹੋਰਨਾਂ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਸੰਘਰਸ਼ ਦੇ ਮੈਦਾਨ ਵਿੱਚ ਡਟੀ ਕਿਸਾਨ ਲਹਿਰ ਦੀ ਹਮਾਇਤ ‘ਚ ਸ਼ਹਿਰ ‘ਚ ਵਿਸ਼ਾਲ ਮਾਰਚ ਕੀਤਾ ਜਾਵੇਗਾ।ਅਤੇ ਪਟਿਆਲਾ ਮੋਰਚੇ ਦੌਰਾਨ ਵਿਕਟੇਮਾਇਜ ਹੋਏ ਮਾਨਸਾ ਜਿਲ੍ਹੇ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਥੇਬੰਦਕ ਸਰਗਰਮੀਆਂ ਬਾਰੇ ਸਾਰੇ ਡੈਲੀਗੇਟ ਆਪਣੇ ਵਿਚਾਰ ਅਤੇ ਸੁਝਾਅ ਰੱਖਣਗੇ। ਦੂਜੇ ਦਿਨ ਸੰਵਿਧਾਨਕ ਸੋਧਾਂ ਦੇ ਖਰੜੇ ਉੱਪਰ ਵਿਚਾਰ ਚਰਚਾ, ਸੇਵਾ ਮੁਕਤ ਹੋਏ ਸੂਬਾ ਆਗੂਆਂ ਅਤੇ ਸੂਬਾ ਕਮੇਟੀ ਮੈੰਬਰਾਂ ਦਾ ਸਨਮਾਨ ਕੀਤਾ ਜਾਵੇਗਾ। ਅਤੇ ਭਵਿੱਖ ਲਈ ਹੋਰ ਜਥੇਬੰਦਕ ਐਲਾਨ ਵੀ ਕੀਤੇ ਜਾਣਗੇ।
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਨਰਲ ਕਾਉਂਸਲ ਵਿੱਚ ਸੂਬਾ ਕਮੇਟੀ ਦੇ ਸਾਰੇ ਮੈਂਬਰ ਅਤੇ ਸਾਰੇ ਜਿਲਿਆਂ ਦੀਆਂ ਕਮੇਟੀਆਂ ਦੇ ਮੈੰਬਰ ਬਤੌਰ ਡੈਲੀਗੇਟ ਹਿੱਸਾ ਲੈਣਗੇ। ਇਸ ਤੋਂ ਇਲਾਵਾ ਡੀ ਟੀ ਐੱਫ ਮਾਨਸਾ ਦੇ ਸਰਗਰਮ ਵਰਕਰ ਵੀ ਬਤੌਰ ਦਰਸ਼ਕ ਜਨਰਲ ਕਾਉਂਸਲ ਦਾ ਹਿੱਸਾ ਬਨਣਗੇ।
ਇਸ ਮੌਕੇ ਕੌਰ ਸਿੰਘ ਫੱਗੂ, ਹਰਵਿੰਦਰ ਮੌਹਲ, ਹੰਸਾ ਸਿੰਘ ਡੇਲੂਆਣਾ, ਰਾਮ ਸਿੰਘ, ਅਮਰੀਕ ਭੀਖੀ, ਗੁਰਦਾਸ ਗੁਰਨੇ, ਗੁਰਲਾਲ ਗੁਰਨੇ, ਪਰਮਿੰਦਰ ਮਾਨਸਾ, ਸੁਖਵੀਰ ਸਿੰਘ, ਇਕਬਾਲ ਬਰੇਟਾ, ਅਸਵਨੀ ਖੁਡਾਲ ਆਦਿ ਹਾਜ਼ਰ ਸਨ।