- ਕੇਂਦਰ ਸਰਕਾਰ ਮੀਟਿੰਗਾਂ ਬਹਾਨੇ ਕਿਸਾਨ ਸੰਘਰਸ਼ ਨੂੰ ਲਮਕਾ ਰਹੀ ਹੈ
ਅੰਮ੍ਰਿਤਸਰ, 09 ਜਨਵਰੀ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਚਲ ਰਹੀ ਬੇਸਿੱਟਾ ਗੱਲਬਾਤ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਕਿਰਸਾਨੀ ਨਾਲ ਸਬੰਧਤ ਕੇਂਦਰ ਸਰਕਾਰ ਵਲੋਂ ਬਨਾਏ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਸੰਘਰਸ਼ ਵਿਢਿਆ ਹੋਇਆ ਹੈ।ਪਰ ਕੇਂਦਰ ਸਰਕਾਰ ਗੱਲਬਾਤ ਦੇ ਬਹਾਨੇ ਮਸਲਾ ਹੱਲ ਕਰਨ ਦੀ ਬਜਾਏ ਟਾਲ ਮਟੋਲ ਵਾਲੀ ਧਾਰਨਾ ਤੇ ਕਾਇਮ ਹੈ।ਅੱਠਵੇਂ ਗੇੜ ਦੀ ਗੱਲਬਾਤ ਸਮੇਂ ਤਾਂ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਇਹ ਬਹੁਤ ਮੰਦਭਾਗੀ ਦੁਖਦਾਈ ਸੌੜੀ ਸੋਚ ਵਾਲੀ ਸਰਕਾਰ ਦੀ ਜਿੱਦ ਹੈ।ਅਗਾਂਹ ਤਾਰੀਕ ਪਾਉਣ ਦਾ ਸਿੱਧਾ ਮਤਲਬ ਹੈ ਕਿ ਸਰਕਾਰ 26 ਜਨਵਰੀ ਦਾ ਸਮਾਗਮ ਲੰਘਾਉਣਾ ਚਾਹੁੰਦੀ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੰਘਰਸ਼ ਦੌਰਾਨ ਅਨੇਕਾਂ ਕਿਸਾਨ ਆਪਣੀ ਕੀਮਤੀ ਜਾਨਾਂ ਵੀ ਗੁਆ ਚੁਕੇ ਹਨ।ਉਲਟੇ ਭਾਜਪਾ ਆਗੂਆਂ ਵਲੋਂ ਕਿਸਾਨਾਂ ਤੇ ਹੀ 307 ਦੇ ਪਰਚੇ ਦਰਜ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਾਂਤਮਈ ਅੰਦੋਲਨ ਨੂੰ ਬਾਰ-ਬਾਰ ਬਹਾਨੇ ਬਣਾ ਕੇ ਛੇੜਨ ਦੇ ਜਤਨ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿਸਾਨ ਭਾਈਚਾਰੇ ਨੇ ਪੂਰੇ ਸੰਜਮ, ਧੀਰਜ, ਸਿਆਣਪ ਅਤੇ ਸ਼ਾਨਦਾਰ ਜਾਬਤਾ ਕਾਇਮ ਰੱਖਿਆ ਹੈ।ਸਰਕਾਰ ਨਾਲ ਹਰ ਗੱਲਬਾਤ ਵਿਚ ਪੂਰੇ ਸਾਂਤਮਈ ਢੰਗ ਨਾਲ ਹਿੱਸਾ ਲਿਆ ਹੈ।ਆਪਣੇ ਹੱਕਾਂ ਪ੍ਰਤੀ ਇਨਸਾਫ ਦੀ ਗੁਹਾਰ ਵੀ ਲਾਈ ਹੈ।ਪਰ ਸਰਕਾਰ ਹਰ ਗੱਲਬਾਤ ਵਾਲੀ ਤਰੀਕ ਤੋਂ ਪਹਿਲਾਂ ਜ਼ੋਰਦਾਰ ਤਰੀਕੇ ਨਾਲ ਮੀਡੀਏ ਨੂੰ ਕਹਿੰਦੀ ਹੈ ਕਿ ਇਸਵਾਰ ਦੀ ਗੱਲਬਾਤ ਵਿੱਚ ਹੱਲ ਨਿਕਲ ਆਵੇਗਾ ਪਰ ਨਤੀਜਾ ਬੇਸਿੱਟਾ ਹੀ ਨਿਕਲਦਾ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਰਾਜਨੀਤਕ ਦਾਅਪੇਚ ਸਰਕਾਰ ਨਾ ਖੇਡੇ ਸਗੋਂ ਖੁਲਦਿਲੀ ਨਾਲ ਇਹ ਮਸਲਾ ਹੱਲ ਕਰੇ।ਉਨ੍ਹਾਂ ਕਿਹਾ ਸਾਨੂੰ ਡਰ ਹੈ ਕਿ ਕਿਸਾਨਾਂ ਦੇ ਸਾਂਤਮਈ ਅੰਦੋਲਨ ਨੂੰ ਸਰਕਾਰ ਦੀਆਂ ਏਜੰਸੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਕੁਝ ਅਜਿਹਾ ਨਾ ਕਰ ਦੇਣ ਜਿਸ ਨਾਲ ਸਮੁੱਚੇ ਦੇਸ਼ ਨੂੰ ਹੀ ਇਸ ਤਰ੍ਹਾਂ ਦਾ ਕੁਝ ਝੱਲਣਾ ਪਵੇ ਜੋ ਅਨਹੋਣੀ ਵਰਗਾ ਹੋਵੇ।ਉਨ੍ਹਾਂ ਕਿਹਾ ਵੱਖ-ਵੱਖ ਮੀਡੀਏ ਤੇ ਚਲ ਰਹੀਆਂ ਚਰਚਾਵਾਂ ਵਿਚ ਭਾਜਪਾ ਨੇਤਾਵਾਂ ਦੀ ਬਿਆਨਬਾਜੀ ਸ਼ੰਕਿਆਂ ਤੇ ਦੁਬਿਧਾ ਦਾ ਮਾਹੌਲ ਸਿਰਜ ਰਹੀ ਹੈ।ਬਾਬਾ ਬਲਬੀਰ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਗਿਆਨਕ ਯੁਗ ਦੀ ਦੁਹਾਈ ਪਾਉਣ ਵਾਲਿਆਂ ਦੇ ਵੱਖ-ਵੱਖ ਆ ਰਹੇ ਫਲੂ ਦੰਦ ਖੱਟੇ ਕਰ ਰਹੇ ਹਨ ਤੇ ਮਨੁੱਖਤਾ ਦੇ ਸਿਰ ਖਤਰਾ ਮੰਡਰਾ ਰਿਹਾ ਹੈ।ਸਹਿਮ ਤੇ ਬੇਚੈਨੀ ਦੇ ਮਾਹੌਲ ਵਿੱਚ ਮੱਧ ਵਰਗੀ ਤੇ ਗਰੀਬ ਲੋਕ ਜਿਆਦਾ ਪਿਸ ਰਹੇ ਹਨ।ਉਨ੍ਹਾਂ ਨੇ ਅਮਰੀਕੀ ਸੰਸਦ ਵਿੱਚ ਹਿੰਸਾ ਫੈਲਣ ਫਲਾਉਣ ਵਾਲਿਆਂ ਤੇ ਵੀ ਚਿੰਤਾ ਵਿਅਕਤ ਕਰਦਿਆਂ ਕਿਹਾ ਜੇ ਕਰ ਅਮਰੀਕਾ ਵਰਗੇ ਦੇਸ਼ ਦੇ ਸੰਸਦ ਵਿਚ ਹਿੰਸਾ ਫੈਲ ਸਕਦੀ ਹੈ ਤਾਂ ਬਾਕੀ ਦੇਸ਼ਾਂ ਦਾ ਰੱਬ ਹੀ ਰਾਖਾ ਹੈ।ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਸ਼ਕਤੀ ਸ਼ਾਲੀ ਵੱਡੇ ਦੇਸ਼ ਵਿਚ ਮੰਦਭਾਗੀ ਕਾਰਵਾਈ ਹੈ।
ਬਾਬਾ ਬਲਬੀਰ ਸਿੰਘ ਨੇ ਹੋਰ ਕਿਹਾ ਕਿ ਸੁਪਰੀਮ ਕੋਰਟ ਦੇ ਅੰਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਕੇ ਅੰਤਿਮ ਫੈਸਲਾ ਕਰੇ।