ਕਮਲਜੀਤ ਸਿੰਘ ਸੰਧੂ
ਨਵੀਂ ਦਿੱਲੀ, 9 ਜਨਵਰੀ 2021 - ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਅਤੇ ਐਮਐੱਸਪੀ ਦੀ ਗਾਰੰਟੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਉੱਥੇ ਯੂਪੀ ਦੇ ਕੁੱਝ ਕਿਸਾਨ ਅਜਿਹੇ ਵੀ ਹਨ ਜੋ ਸਰਦੀਆਂ ਵਿੱਚ ਪੰਜਾਬ ਵਿੱਚ ਮੁੰਗਫਲੀ ਦੀਆਂ ਸਟਾਲਾਂ ਲਾ ਕੇ ਗੁਜਾਰਾ ਕਰਦੇ ਹਨ। ਅਜਿਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਫਸਲਾਂ ਐੱਮ ਐੱਸ ਪੀ ਤੋਂ ਬਹੁਤ ਘੱਟ ਰੇਟ ਤੇ ਵਿਕਦੀਆਂ ਹਨ ਇਸ ਲਈ ਉਨ੍ਹਾਂ ਨੂੰ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਸਰਦੀਆਂ ਦੇ ਸੀਜਨ ਵਿੱਚ ਪੰਜਾਬ ਵਿੱਚ ਇਹ ਸਟਾਲਾਂ ਲਾਉਣੀਆਂ ਪੈਂਦੀਆਂ ਹਨ।
ਯੂਪੀ ਤੋਂ ਆਏ ਨਰਿੰਦਰ ਰਾਠੌੜ ਨਾਂਅ ਦੇ ਕਿਸਾਨ ਨੇ ਦੱਸਿਆ ਕਿ ਉਹ ਯੂਪੀ ਦੇ ਬਦਾਯੂੰ ਡਿਸਟਕ ਤੋਂ ਹੈ ਅਤੇ ਛੋਟੀ ਕਿਸਾਨੀ ਵਿੱਚੋਂ ਆਉਂਦਾ ਹੈ। ਉਸਦੇ ਕੋਲ ਪੰਜ ਬਿੱਘੇ ਹੀ ਜਮੀਨ ਹੈ। ਉਸਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੰਜਾਬ ਵਾਂਗ ਹੀ ਕਣਕ,ਝੋਨਾ ਅਤੇ ਸਰੋਂ ਆਦਿ ਦੀ ਖੇਤੀ ਹੁੰਦੀ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਰਕੇ ਪ੍ਰਾਈਵੇਟ ਮੰਡੀ ਵਿੱਚ ਹੀ ਵੇਚਣੀ ਪੈਂਦੀ ਹੈ ਜਿਸ ਵਿੱਚ ਦਲਾਲ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪਾਉਂਦੇ ਹਨ। ੳਸੁਨੇ ਦੱਸਿਆ ਕਿ ਜੇ ਕਣਕ ਦਾ ਸਰਕਾਰੀ ਰੇਟ 2000 ਰੁਪਏ ਕੁਇੰਟਲ ਹੁੰਦਾ ਹੈ ਤਾਂ ਉਨ੍ਹਾਂ ਨੂੰ 1300-1400 ਪ੍ਰਤੀ ਕੁਇੰਟਲ ਹੀ ਵੇਚਣੀ ਪੈਂਦੀ ਹੈ।
ਉਸਨੇ ਦੱਸਿਆ ਕਿ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਉਹ ਪਿਛਲੇ 6-7 ਸਾਲਾਂ ਤੋਂ ਪੰਜਾਬ ਆ ਕੇ ਸੜਕ ਕਿਨਾਰੇ ਮੁੰਗਫਲੀ ਦੀ ਸਟਾਲ ਲਾ ਰਿਹਾ ਹੈ। ਉਸਨੇ ਦੱਸਿਆ ਕਿ ਮੁੰਗਫਲੀ ਰਾਜਸਥਾਨ ਤੋਂ ਆਉਂਦੀ ਹੈ ਅਤੇ ਇੱਥੇ ਭੁੰਨ ਕੇ ਵੇਚਣ ਨਾਲ ਥੋੜੇ ਵੱਧ ਰੇਟ ਤੇ ਵਿਕ ਜਾਂਦੀ ਹੈ। ਉਸਨੇ ਦਸਿਆ ਕਿ ਉਥੇ ਖੇਤੀ ਬਲਦਾਂ ਨਾਲ ਹੁੰਦੀ ਹੈ ਕਿਉਂਕਿ ਜਿਆਦਾ ਕਿਸਾਨਾਂ ਕੋਲ ਟਰੈਕਟਰ ਨਹੀਂ ਹਨ।
ਦਿੱਲੀ ਵਿੱਖੇ ਚੱਲ ਰਹੇ ਕਿਸਾਨ ਸੰਘਰਸ਼ ਦੇ ਸਬੰਧ ਵਿੱਚ ਉਸਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਕਿਸਾਨ ਠੰਡ ਵਿੱਚ ਬੜੀ ਮੁਸ਼ਕਿਲ ਹਾਲਾਤ ਵਿੱਚ ਬੈਠੇ ਹਨ। ਉਸ ਮੁਤਾਬਕ ਜੇ ਸਰਕਾਰੀ ਖਰੀਦ ਨਾ ਰਹੀ ਤਾਂ ਪੰਜਾਬ ਵਿੱਚ ਵੀ ਯੂਪੀ ਵਾਂਗ ਬੁਰਾ ਹਾਲ ਹੋ ਜਾਵੇਗਾ। ਅਜਿਹੀ ਹੀ ਮੂੰਗਫਲੀ ਦੀ ਸਟਾਲ ਲਾਉਣ ਵਾਲੇ ਧਰਮਪਾਲ ਯੂਪੀ ਦੇ ਬਰੇਲੀ ਤੋਂ ਹਨ। ਧਰਮਪਾਲ ਦਾ ਕਹਿਣਾ ਹੈ ਕਿ ਉਸ ਕੋਲ ਆਪਣੀ ਜਮੀਨ ਬਹੁਤ ਥੋੜੀ ਹੈ ਇਸ ਲਈ ਉਹ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦਾ ਹੈ।
ਧਰਮਪਾਲ ਕਣਕ,ਝੋਨੇ ਤੋਂ ਇਲਾਵਾ ਮੱਕੀ,ਬਾਜਰਾ ਵੀ ਬੀਜਦਾ ਹੈ।ਉਸਨੇ ਦੱਸਿਆ ਕਿ ਕਿਸੇ ਵੀ ਫਸਲ ਦਾ ਰੇਟ 1000 ਰੁਪਏ ਕੁਇੰਟਲ ਤੋਂ ਵੱਧ ਨਹੀਂ ਮਿਲਦਾ ਹੈ।ਇਸ ਵਾਰ ਝੋਨਾ 800 ਰੁਪਏ ਕੁਇੰਟਲ ਵਿਕਿਆ ਹੈ।ਧਰਮਪਾਲ 3-4 ਸਾਲ ਤੋਂ ਪੰਜਾਬ ਆ ਕੇ ਮੁੰਗਫਲੀ ਵੇਚ ਰਿਹਾ ਹੈ।ਉਸਦਾ ਕਹਿਣਾ ਹੈ ਕਿ ਕਈ ਵਾਰ ਉਹ ਪਰਿਵਾਰ ਨਾਲ ਅਤੇ ਕਦੇ ਇਕੱਲੇ ਵੀ ਪੰਜਾਬ ਆਉਂਦੇ ਹਨ। ਉਸਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿੱਚ ਕਈ ਸਾਲ ਪਹਿਲਾਂ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ।
ਧਰਮਪਾਲ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਜੇ ਪੂਰੀ ਤਰਾਂ ਬੰਦ ਹੋ ਗਈ ਤਾਂ ਸਭ ਪਾਸੇ ਅਜਿਹਾ ਹੀ ਹਾਲ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਦਿਹਾੜੀ ਕਰਨ ਕਿਤੇ ਹੋਰ ਜਾਣਾ ਪਵੇਗਾ। ਬ੍ਰੀਜੇਸ਼ ਕੁਮਾਰ ਵੀ ਯੂਪੀ ਦੇ ਬਦਾਯੂੰ ਤੋਂ ਹੈ। ਉਸਦੇ ਕੋਲ 2 ਏਕੜ ਜਮੀਨ ਹੈ। ਬ੍ਰੀਜੇਸ਼ ਨੇ ਦੱਸਿਆ ਕਿ ਉਸਦਾ ਝੋਨਾ 1000 ਰੁਪਏ ਨੂੰ ਵਿਕਿਆ ਸੀ ਤੇ ਕਣਕ 1600-1700 ਨੂੰ ਇਸ ਵਾਰ ਰੇਟ ਮਿਲ ਰਿਹਾ ਹੈ ਅਤੇ ਬਾਜਰਾ 1200 ਰੁਪਏ ਨੂੰ ਵਿਕਿਆ ਹੈ ਕਿਉਂਕਿ ਪ੍ਰਾਈਵੇਟ ਖ੍ਰੀਦਦਾਰ ਸਰਕਾਰੀ ਰੇਟ ਤੋਂ ਬਹੁਤ ਘੱਟ ਰੇਟ ਤੇ ਖਰੀਦ ਕਰਦੇ ਹਨ ਅਤੇ ਐੱਮ ਐਸ ਪੀ ਤੇ ਯੂਪੀ ਵਿੱਚ ਖਰੀਦ ਨਹੀਂ ਹੋ ਰਹੀ ਹੈ।
ਬ੍ਰੀਜੇਸ਼ ਪਿਛਲੇ ਪੰਜ ਸਾਲਾਂ ਤੋਂ ਸੀਜ਼ਨਲ ਕੰਮ ਕਰਨ ਪੰਜਾਬ ਆਉਂਦਾ ਹੈ।ਸਰਦੀਆਂ ਵਿੱਚ ਦੋ ਤਿੰਨ ਮਹੀਨੇ ਮੂੰਗਫਲੀ ਵੇਚਦਾ ਹੈ ਅਤੇ ਗਰਮੀਆਂ ਵਿੱਚ ਇੰਨਾ ਹੀ ਸਮਾਂ ਜੂਸ ਦੀ ਰੇਹੜੀ ਵੀ ਲਗਾਉਂਦਾ ਹੈ।ਉਸਨੇ ਕਿਹਾ ਕਿ ਜੇ ਐਮਐਸਪੀ ਖਤਮ ਹੋ ਗਿਆ ਤਾਂ ਪੰਜਾਬ ਵਿੱਚ ਵੀ ਅਜਿਹੇ ਹੀ ਹਾਲਾਤ ਹੋ ਜਾਣਗੇ।ਕਿਸਾਨ ਸੰਘਰਸ਼ ਸਬੰਧੀ ਉਸਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਜੇ ਐੱਮਐਸਪੀ ਨਹੀਂ ਮਿਲੇਗਾ ਤਾਂ ਸੰਘਰਸ਼ ਤਾਂ ਹੋਵੇਗਾ ਹੀ।