ਅਸ਼ੋਕ ਵਰਮਾ
- ਸਮਾਜਿਕ ਬਾਈਕਾਟ ਦਾ ਸੱਦਾ ਤੇ ਕੋਠੀ ਖਾਲੀ ਕਰਵਾਉਣ ਦੀ ਅਪੀਲ
ਬਠਿੰਡਾ, 9 ਜਨਵਰੀ 2021: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂ ਸੁਖਪਾਲ ਸਿੰਘ ਸਰਾਂ ਵੱਲੋਂ ਇਕ ਟੀ.ਵੀ. ਚੈਨਲ ’ਤੇ ਬਹਿਸ ਦੌਰਾਨ ਖੇਤੀ ਕਾਨੂੰਨਾਂ ਦੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰਚੇ ਜ਼ਫ਼ਰਨਾਮੇ ਨਾਲ ‘ਤੁਲਨਾ’ ਕਰਨ ’ਤੇ ਪੈਦਾ ਹੋਇਆ ਵਿਵਾਦ ਸਰਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ। ਅੱਜ ਬਠਿੰਡਾ ਪੁਲਿਸ ਨੇ ਜਿੱਥੇ ਵਿਵਾਦਤ ਬੋਲਾਂ ਨੂੰ ਲੈਕੇ ਸਰਾਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ਉੱਥੇ ਹੀ ਸਰਾਂ ਦੇ ਜੱਦੀ ਪਿੰਡ ਗੁਰੂਸਰ ਸੈਣੇਵਾਲਾ ਵਾਸੀਆਂ ਨੇ ਇਸ ਵਿਵਾਦਤ ਆਗੂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਸਰਾਂ ਦੀਆਂ ਮੁਸ਼ਕਲਾਂ ਇੱਥੇ ਹੀ ਨਹੀਂ ਰੁਕੀਆਂ ਕਿਉਂਕਿ ਜਿਸ ਕੋਠੀ ’ਚ ਉਹ ਰਹਿ ਰਿਹਾ ਹੈ ੳੱਥੋਂ ਦੇ ਕਲੋਨੀ ਵਾਸੀਆਂ ਨੇ ਮਾਲਕ ਨੂੰ ਕੋਠੀ ਖਾਲੀ ਕਰਵਾਉਣ ਦੀ ਅਪੀਲ ਕਰ ਦਿੱਤੀ ਹੈ।
ਓਧਰ ਸੁਖਪਾਲ ਸਰਾਂ ਦੇ ਇਹਨਾਂ ਕੁਬੋਲਾਂ ਕਾਰਨ ਰੋਹ ’ਚ ਆਈਆਂ ਸਿੱਖ ਸੰਗਤਾਂ ਨੇ ਅੱਜ ਭਾਜਪਾ ਆਗੂ ਦੇ ਪਿੰਡ ਗੁਰੂਸਰ ਸੈਣੇਵਾਲਾ ਵਿੱਚ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ ਉਸ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ। ਮੁਜਾਹਰਾਕਾਰੀਆਂ ਨੇ ਇਸ ਮੌਕੇ ਭਾਰਤੀ ਜੰਤਾ ਪਾਰਟੀ ਅਤੇ ਸੁਖਪਾਲ ਸਰਾਂ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਧਰਨਕਾਰੀਆਂ ’ਚ ਇਹਨਾਂ ਵਿਾਵਦਤ ਟਿੱਪਣੀਆਂ ਨੂੰ ਲੈਕੇ ਸੁਖਪਾਲ ਸਰਾਂ ਖਿਲਾਫ ਕਾਫੀ ਰੋਹ ਦੇਖਣ ਨੂੰ ਮਿਲਿਆ।ਮਹੌਲ ’ਚ ਬਣੇ ਤਣਾਅ ਨੂੰ ਦੇਖਦਿਆਂ ਥਾਣਾ ਸੰਗਤ ਦੇ ਮੁਖੀ ਦਲਜੀਤ ਬਰਾੜ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੰੁਚ ਗਏ। ਜਦੋਂ ਸਿੱਖ ਸੰਗਤਾਂ ਵੱਲੋਂ ਸੁਖਪਾਲ ਸਰਾਂ ਦੇ ਘਰ ਦਾ ਘਿਰਾਓ ਕੀਤਾ ਗਿਆ ਤਾਂ ਉਸ ਵਕਤ ਰਿਹਾਇਸ਼ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਘਰ ’ਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।
ਇਸ ਮੌਕੇ ਭੁਪਿੰਦਰ ਸਿੰਘ ਰੋਮਾਣਾ ਤੇ ਦਵਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਸੁਖਪਾਲ ਸਰਾਂ ਨੇ ਇੱਕ ਨਿੱਜੀ ਚੈਨਲ ਤੇ ਖੇਤੀ ਬਿੱਲਾਂ ਦੇ ਸਬੰਧ ’ਚ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਲਿਖੇ ਗਏ ਜਫਰਨਾਮੇ ਨਾਲ ਕਰਕੇ ਬੱਜਰ ਗਲਤੀ ਕੀਤੀ ਹੈ ਜਿਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਪ੍ਰਸ਼ਾਸ਼ਨ ਤੋਂ ਸੁਖਪਾਲ ਸਰਾਂ ਵਿਰੁੱਧ ਤੁਰੰਤ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਇਸ ਅਪਰਾਧ ਕਾਰਨ ਸਮੁੱਚੇ ਪਿੰਡ ਵਾਸੀਆਂ ਨੇ ਜਿੰਦਗੀ ਭਰ ਲਈ ਸੁਖਪਾਲ ਸਰਾਂ ਦੇ ਸਮਾਜਿਕ ਬਾਈਕਾਟ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਬਾਈਕਾਟ ਤਹਿਤ ਕਰ ਕੋਈ ਵੀ ਪਿੰਡ ਵਾਸੀ ਸਰਾਂ ਨਾਲ ਕਿਸੇ ਵੀ ਕਿਸਮ ਦੀ ਸਾਂਝ ਨਹੀਂ ਰੱਖੇਗਾ।
ਇਹਨਾਂ ਆਗੂਆਂ ਨੇ ਭਰੀ ਧਰਨੇ ’ਚ ਹਾਜਰੀ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਇਕਾਈ ਪ੍ਰਧਾਨ ਹੁਕਮ ਸਿੰਘ ਢਿੱਲੋਂ ਗੁਰੂਸਰ ਸੈਣੇਵਾਲਾ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਨਿਰਮਲ ਸਿੰਘ ਟੀਟੂ, ਕਾਕਾ ਸਿੰਘ, ਕਾਲਾ ਸਿੰਘ, ਸਵਰਨ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ ਨਰੂਆਣਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਦਾ, ਪੰਚ ਜਗਸੀਰ ਸਿੰਘ ਨਰੂਆਣਾ, ਚਰਨਜੀਤ ਸਿੰਘ ਰੋਮਾਣਾ ਜੋਧਪੁਰ ਰੋਮਾਣਾ, ਜੱਗਾ ਸਿੰਘ ਗਹਿਰੀ ਭਾਗੀ, ਦਰਸਨ ਸਿੰਘ ਖਾਲਸਾ, ਬੋਗ ਸਿੰਘ ਢਿੱਲੋ ਤੇ ਪੰਚ ਜਸਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
ਮਾਮਲਾ ਦਰਜ਼ ਕੀਤਾ : ਐਸਐਸਪੀ ਬਠਿੰਡਾ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਭਾਜਪਾ ਆਗੂ ਸੁਖਪਾਲ ਸਰਾਂ ਖਿਲਾਫ਼ ਥਾਣਾ ਕੈਨਾਲ ਕਲੋਨੀ ’ਚ ਧਾਰਾ 295 ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਰਿਹਾਇਸ਼ ਖਾਲੀ ਕਰਵਾਉਣ ਦੀ ਅਪੀਲ
‘ਸ਼ੀਸ਼ ਮਹੱਲ ਰੈਜ਼ੀਡੈਂਟਸ ਵੈਲਫ਼ੇਅਰ ਸੁਸਾਇਟੀ’ ਨੇ ਅੱਜ ਪ੍ਰਧਾਨ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਲੋਨੀ ਵਾਸੀਆਂ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਲੋਨੀ ਦੇ ਮਾਲਕ ਰਵਿੰਦਰ ਸਿੰਘ ਨੂੰ ਸਖੁਪਾਲ ਸਰਾਂ ਤੋਂ ਕੋਠੀ ਖਾਲੀ ਕਰਵਾਉਣ ਦੀ ਅਪੀਲ ਕੀਤੀ ਹੈ। ਸੁਸਾਇਟੀ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਲੋਨੀ ਦੇ ਗੇਟ ਤੇ ਬੈਰੀਕੇਡਿੰਗ ਦੀ ਥਾਂ ਕੋਠੀ ਨੰਬਰ 320 ਲਾਗੇ ਕੀਤੀ ਜਾਏ ਤਾਂ ਜੋ ਕਲੋਨੀ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਗੌਰਤਲਬ ਹੈ ਕਿ ਵਰਤਮਾਨ ਸਮੇਂ ਸਰਾਂ ਪਰਿਵਾਰ ਦੀ ਰਿਹਾਇਸ਼ ਬਠਿੰਡਾ ਸਥਿਤ ਡੱਬਵਾਲੀ ਰੋਡ ’ਤੇ ਸ਼ੀਸ਼ ਮਹੱਲ ਕਲੋਨੀ ’ਚ ਕਿਰਾਏ ਦੇ ਮਕਾਨ ਨੰਬਰ 320 ਵਿਚ ਹੈ। ਸ਼ੁੱਕਰਵਾਰ ਨੂੰ ਵਿਵਾਦ ਪੈਦਾ ਹੋਣ ਪਿੱਛੋਂ ਦਲ ਖਾਲਸਾ ਦੇ ਪ੍ਰਦਰਸ਼ਨ ਕਾਰਨ ਪੁਲਿਸ ਨੇ ਕਲੋਨੀ ਦੀ ਗੇਟ ਅਤੇ ਗਲੀਆਂ ਸਰੱਖਿਆ ਲਈ ਕਰਮਚਾਰੀ ਤਾਇਨਾਤ ਕਰ ਦਿੱਤੇ ਸਨ।
ਮਹਿਸੂਸ ਕਰਨ ਵਾਲਿਆਂ ਤੋਂ ‘ਮੁਆਫ਼ੀ’: ਸੁਖਪਾਲ ਸਰਾਂ
ਸੁਖਪਾਲ ਸਿੰਘ ਸਰਾਂ ਨੇ ਸਫ਼ਾਈ ਪੇੇਸ਼ ਕਰਦਿਆਂ ਕੁਝ ਵੀ ਗ਼ਲੱਤ ਕਹਿਣ ਤੋਂ ਇਨਕਾਰ ਕੀਤਾ ਹੈ । ਉਹਨਾਂ ਕਿਹਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੱਕੇ ਉਪਾਸ਼ਕ ਹਨ ਇਹ ਤਾਂ ਅਕਾਲੀ ਦਲ, ਕਾਂਗਰਸ ਅਤੇ ਕੁਝ ਸੰਗਠਨਾਂ ਨੇ ਲਾਹਾ ਲੈਣ ਲਈ ਮਾਮਲੇ ਨੂੰ ਤੂਲ ਹੈ। ਉਹਨਾਂ ਦੱਸਿਆ ਕਿ ਟੀ.ਵੀ. ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤੀ ਹੈ ਅਤੇ ਜੋ ਫੈਸਲਾ ਆਵੇਗਾ ਉਸ ਦਾ ਸਤਿਕਾਰ ਕਰਨਗੇ। ੳਹੁਨਾਂ ਨਾਲ ਹੀ ਆਖਿਆ ਕਿ ਫਿਰ ਵੀ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਉਸ ਲਈ ਉਬਹ ਖ਼ਿਮਾ ਚਾਹੁੰਦੇ ਹਨ।