ਅਸ਼ੋਕ ਵਰਮਾ
ਬਠਿੰਡਾ, 13 ਜਨਵਰੀ 2021 - ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੇ ਸੱਦੇ ਤੇ ਅੱਜ ਪਰਸ ਰਾਮ ਨਗਰ ਚੌਂਕ ’ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਜਸਬੀਰ ਕੌਰ ਅਤੇ ਸੀਨੀਅਰ ਆਗੂ ਰੂਪ ਕੁਮਾਰੀ ਸ਼ਰਮਾ ਦੀ ਅਗਵਾਈ ਹੇਠ ਖਾਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਰ ਦੇ ਰਵਈਏ ਖਿਲਾਫ ਪਿੱਟ ਸਿਆਪਾ ਕੀਤਾ। ਬਲਾਕ ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਦਿੱਲੀ ਮੋਰਚੇ ’ਚ ਡਟੇ ਕਿਸਾਨ ਇਕੱਲੇ ਨਹੀਂ ਬਲਕਿ ਪੰਜਾਬ ਦੀਆਂ 54 ਹਜਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪ੍ਰੀਵਾਰਾਂ ਸਮੇਤ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜਨਗੀਆਂ।
ਉਹਨਾਂ ਕਿਹਾ ਕਿ ਜੇ ਇੰਹਨਾਂ ਕਾਨੂੰਨਾਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਹੈ ਤਾਂ ਇਕੱਲੇ ਕਿਸਾਨਾਂ ’ਚ ਹੀ ਨਹੀਂ ਸਗੋਂ ਮਜਦੂਰਾਂ,ਕਿਰਤੀਆਂ,ਦੁਕਾਨਦਾਰਾਂ ਅਤੇ ਹੋਰ ਵਰਗਾਂ ’ਚ ਵੀ ਖੁਦਕਸ਼ੀਆਂ ਵਰਗਾ ਮੰਦਭਾਗਾ ਵਰਤਾਰਾ ਸ਼ੁਰੂ ਹੋ ਸਕਦਾ ਹੈ। ਉਹਨਾਂ ਆਖਿਆ ਕਿ ਅਜੇ ਵੀ ਕੁੱਝ ਨਹੀਂ ਵਿਗੜਿਆ ਕੇਂਦਰ ਸਰਕਾਰ ਖੇਤੀ ਬਿੱਲ ਵਾਪਿਸ ਲਵੇ ਨਹੀਂ ਤਾਂ ਮੁਲਕ ’ਚ ਵਿਦਰੋਹ ਵਰਗੇ ਹਾਲਾਤ ਬਣ ਸਕਦੇ ਹਨ। ਇਸ ਮੌਕੇ ਸੋਮਾ ਰਾਣੀ ,ਮਿਨਾਕਸ਼ੀ,ਗੁਰਵਿੰਦਰ ਕੌਰ, ਦਰਸ਼ਨਾ ਰਾਣੀ,ਗੁਰਚਰਨ ਕੌਰ ,ਸੁਖਦੇਵ ਕੌਰ,ਰੁਪਿੰਦਰ ਕੌਰ,ਸਤਵੀਰ ਕੌਰ,ਨਵਜੋਤ ਕੌਰ ਅਤੇ ਮਨਪ੍ਰੀਤ ਕੌਰ ਆਦਿ ਆਗੂ ਹਾਜਰ ਸਨ।