ਅਸ਼ੋਕ ਵਰਮਾ
ਅੰਮ੍ਰਿਤਸਰ, 13 ਜਨਵਰੀ 2021 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪਾਰਟੀ ਜਾਂ ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਦੇ ਅਹੁਦੇ ਚੋਂ ਇੱਕ ਦੀ ਚੋਣ ਕਰਨ ਦਾ ਅਲਟੀਮੇਟਮ ਦਿੱਤਾ। ਅੰਮ੍ਰਿਤਸਰ ਖਾਲਸਾ ਕਾਲਜ ਅੱਗੇ ਲੋਹੜੀ ਬਾਲਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਸੱਦੇ ਤਹਿਤ ਇਕੱਤਰ ਹੋਏ ਕਿਸਾਨਾਂ ਮਜਦੂਰਾਂ ਨੇ ਇਸ ਮੌਕੇ ਭਾਜਪਾ ਆਗੂ ਦਾ ਜੋਰਦਾਰ ਵਿਰੋਧ ਕਰਦਿਆਂ ਨਾਅਰੇਬਾਜੀ ਕੀਤੀ। ਆਗੂਆਂ ਨੇ ਆਖਿਆ ਕਿ ਰਾਜਿੰਦਰ ਮੋਹਨ ਸਿੰਘ ਛੀਨਾ ਜਾਂ ਤਾਂ ਕਿਰਤੀਆਂ ਦੀ ਮਿਹਨਤ ਨਾਲ ਬਣੇ ਅਤੇ ਪੰਜਾਬੀਅਤ ਦੀ ਸ਼ਾਨ ਖਾਲਸਾ ਕਾਲਜ ਤੋਂ ਅਸਤੀਫਾ ਦੇਵੇ ਜਾਂ ਫਿਰ ਪਾਰਟੀ ਛੱਡੇ।
ਆਗੂਆਂ ਨੇ ਕਿਹਾ ਕਿ ਆਰ ਐਸ ਐਸ ਦੀਆਂ ਨੀਤੀਆਂ ਤੇ ਪਹਿਰਾ ਦੇਣ ਵਾਲੇ ਇਸ ਆਗੂ ਅਤੇ ਖੇਤੀ ਕਾਨੂੰਨ ਲਿਆਉਣ ਵਾਲੀ ਪਾਰਟੀ ਬੀਜੇਪੀ ਨਾਲ ਜੁੜੇ ਰਜਿੰਦਰ ਮੋਹਨ ਸਿੰਘ ਛੀਨਾਂ ਨੂੰ ਤੁਰੰਤ ਅਸਤੀਫੇ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਨਹੀਂ ਤਾਂ ਜੱਥੇਬੰਦੀ ਦੇ ਫੈਸਲੇ ਅਨੁਸਾਰ ਵਿਰੋਧ ਤਿੱਖਾ ਕੀਤਾ ਜਾਏਗਾ। ਉਹਨਾਂ ਆਖਿਆ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਛੀਨਾ ਹੀ ਨਹੀਂ ਭਾਜਪਾ ਦੇ ਆਗੂ ਪੰਜਾਬ ਅਤੇ ਸਿੱਖਾਂ ਦੀਆਂ ਸਮਾਜਕ ਅਤੇ ਵਿੱਦਿਅਕ ਸੰਸਥਾਵਾਂ ਤੋਂ ਅਸਤੀਫਾ ਨਹੀ ਦਿੰਦੇ ਉਦੋਂ ਤੱਕ ਕਿਸਾਨ ਮਜਦੂਰ ਇਸੇ ਤਰਾਂ ਲਗਾਤਾਰ ਵਿਰੋਧ ਜਾਰੀ ਰੱਖਣਗੇ।
ਇਸ ਮੌਕੇ ਭਾਰਤੀ ਜਤਾ ਪਾਰਟੀਦੇ ਆਗੂਆਂ ਦਾ ਬਾਈਕਾਟ ਅਤੇ ਇਹਨਾਂ ਖਿਲਾਫ ਸੰਘਰਸ਼ ਹੋਰ ਤੇਜ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ, ਭਾਈ ਰੇਸ਼ਮ ਸਿੰਘ ਮੱਦੋਕੇ, ਭਾਈ ਜਸਪਾਲ ਸਿੰਘ ਪੁਤਲੀਘਰ, ਅੰਮਿ੍ਰਤਪਾਲ ਸਿੰਘ ਭੋਲਾ, ਗੁਰਦੇਵ ਸਿੰਘ ਅਤੇ ਭੁਪਿੰਦਰ ਸਿੰਘ ਫੌਜੀ ਹਾਜਰ ਸਨ।